ਨਵੀਂ ਦਿੱਲੀ, 31 ਅਗਸਤ
ਭਾਰਤ ਦੇ ਚੀਫ ਜਸਟਿਸ ਐੱਨਵੀ ਰਾਮੰਨਾ ਨੇ ਅੱਜ ਸੁਪਰੀਮ ਕੋਰਟ ਦੀਆਂ ਤਿੰਨ ਮਹਿਲਾ ਜੱਜਾਂ ਸਮੇਤ 9 ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਚੀਫ ਜਸਟਿਸ ਨੇ ਜਸਟਿਸ ਅਭੈ ਸ੍ਰੀਨਿਵਾਸ ਓਕਾ ਨੂੰ ਅਹੁਦੇ ਦੀ ਸਹੁੰ ਚੁਕਵਾ ਕੇ ਸਹੁੰ ਚੁੱਕ ਸਮਾਗਮ ਦੀ ਸ਼ੁਰੂਆਤ ਕੀਤੀ।ਇਹ ਪਹਿਲੀ ਵਾਰ ਹੈ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਇਕੋ ਵੇਲੇ ਜੱਜਾਂ ਨੇ ਸਹੁੰ ਚੁੱਕੀ। ਨੌਂ ਨਵੇਂ ਜੱਜਾਂ ਦੇ ਸਹੁੰ ਚੁੱਕਣ ਨਾਲ ਸੁਪਰੀਮ ਕੋਰਟ ਦੇ ਮੁੱਖ ਜੱਜਾਂ ਸਮੇਤ ਜੱਜਾਂ ਦੀ ਗਿਣਤੀ 33 ਹੋ ਗਈ ਹੈ ਜਦੋਂ ਕਿ ਮਨਜ਼ੂਰਸ਼ੁਦਾ ਆਸਾਮੀਆਂ 34 ਹਨ। ਜਸਟਿਸ ਵਿਕਰਮ ਨਾਥ, ਜਸਟਿਸ ਜਤਿੰਦਰ ਕੁਮਾਰ ਮਹੇਸ਼ਵਰੀ, ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਬੀਵੀ ਨਾਗਰਤਨਾ ਉਨ੍ਹਾਂ ਨੌਂ ਨਵੇਂ ਜੱਜਾਂ ਵਿੱਚੋਂ ਹਨ, ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁੱਕੀ। ਉਨ੍ਹਾਂ ਤੋਂ ਇਲਾਵਾ ਜਸਟਿਸ ਸੀਟੀ ਰਵੀਕੁਮਾਰ, ਜਸਟਿਸ ਐੱਮਐੱਮ ਸੁੰਦਰੇਸ਼, ਜਸਟਿਸ ਬੇਲਾ ਐੱਮ. ਤ੍ਰਿਵੇਦੀ ਅਤੇ ਸੀਨੀਅਰ ਵਕੀਲ ਪੀਐੱਸ ਨਰਸਿਮ੍ਹਾ ਨੂੰ ਵੀ ਚੀਫ ਜਸਟਿਸ ਨੇ ਅਹੁਦੇ ਦੀ ਸਹੁੰ ਚੁਕਾਈ। ਸਾਬਕਾ ਚੀਫ ਜਸਟਿਸ ਈਐੱਸ ਵੈਂਕਟਰਮਈਆ ਦੀ ਧੀ ਜਸਟਿਸ ਨਾਗਰਤਨਾ ਸਤੰਬਰ 2027 ਵਿੱਚ ਪਹਿਲੀ ਮਹਿਲਾ ਚੀਫ ਜਸਟਿਸ ਬਣਨ ਦੀ ਕਤਾਰ ਵਿੱਚ ਹੈ।