ਮੁੰਬਈ: ਅਦਾਕਾਰ ਰਣਵੀਰ ਸਿੰਘ ਨਾਲ ਫਿਲਮ ‘ਜਯੇਸ਼ਭਾਈ ਜ਼ੋਰਦਾਰ’ ਰਾਹੀਂ ਬੌਲੀਵੁੱਡ ਵਿੱਚ ਸ਼ੁਰੂਆਤ ਕਰਨ ਜਾ ਰਹੀ ਫਿਲਮ ‘ਅਰਜੁਨ ਰੈੱਡੀ’ ਦੀ ਅਦਾਕਾਰਾ ਸ਼ਾਲਿਨੀ ਪਾਂਡੇ ਇਸ ਫਿਲਮ ਦੇ ਰਿਲੀਜ਼ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ। ਅੱਜ ਆਪਣੇ ਜਨਮ ਦਿਨ ਮੌਕੇ ਸ਼ਾਲਿਨੀ ਨੇ ਕਿਹਾ, ‘‘ਮੈਂ ਕਰੀਬ ਇੱਕ ਸਾਲ ਤੋਂ ਬੇਸਬਰੀ ਨਾਲ ਫਿਲਮ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੀ ਹਾਂ ਅਤੇ ਮੈਂ ਫਿਲਮ ਦੇਖਣ ਲਈ ਦਰਸ਼ਕਾਂ ਦੀ ਉਡੀਕ ਵੀ ਨਹੀਂ ਕਰ ਸਕਦੀ। ਮੈਂ ਜਾਣਦੀ ਹਾਂ ਕਿ ਇਹ ਇੱਕ ਚੰਗੀ ਫਿਲਮ ਹੈ ਅਤੇ ਮੈਨੂੰ ਇਹ ਵੀ ਪਤਾ ਹੈ ਕਿ ਇਹ ਬਹੁਤ ਖ਼ਾਸ ਫਿਲਮ ਹੈ, ਜੋ ਅਸੀਂ ਬਹੁਤ ਹੀ ਮਿਹਨਤ ਅਤੇ ਪਿਆਰ ਨਾਲ ਬਣਾਈ ਹੈ।’’ ਸ਼ਾਲਿਨੀ ਲਈ ਫਿਲਮ ਵਿੱਚ ਕੰਮ ਕਰਨ ਦਾ ਤਜਰਬਾ ਕਾਫ਼ੀ ਜਜ਼ਬਾਤੀ ਰਿਹਾ ਹੈ ਕਿਉਂਕਿ ਇਹ ਉਸ ਦੀ ਪਹਿਲੀ ਹਿੰਦੀ ਫਿਲਮ ਹੈ। ਉਸ ਨੇ ਕਿਹਾ, ‘‘ਮੈਂ ਚਾਹੁੰਦੀ ਹਾਂ ਕਿ ਲੋਕ ਸਿਨੇਮਾ ਘਰਾਂ ਵਿੱਚ ਜਾਣ। ਹਾਲਾਂਕਿ ਮੈਂ ਵੀ ਮੁੜ ਸਿਨੇਮਾ ਘਰ ਵਿੱਚ ਜਾ ਕੇ ਵੱਡੀ ਸਕਰੀਨ ’ਤੇ ਫਿਲਮ ਦੇਖਣਾ ਚਾਹੁੰਦੀ ਹਾਂ।’’ ਸ਼ਾਲਿਨੀ ਨੇ ਆਦਿੱਤਿਆ ਚੋਪੜਾ ਨਾਲ ਤਿੰਨ ਫਿਲਮਾਂ ਦਾ ਇਕਰਾਰਨਾਮਾ ਕੀਤਾ ਹੈ। ਅਦਾਕਾਰਾ ਨੇ ਕਿਹਾ, ‘‘ਯਸ਼ ਰਾਜ ਫਿਲਮਜ਼ ਨਾਲ ਕੰਮ ਕਰਨਾ ਇੱਕ ਸੁਫ਼ਨਾ ਸਾਕਾਰ ਹੋਣ ਵਾਂਗ ਹੈ। ਮੈਂ ਯਸ਼ ਰਾਜ ਫਿਲਮਜ਼ ਨੂੰ ਦੇਖ-ਦੇਖ ਕੇ ਵੱਡੀ ਹੋਈ ਹਾਂ ਅਤੇ ਹਮੇਸ਼ਾ ਚਾਹੁੰਦੀ ਸੀ ਕਿ ਵਾਈਆਰਐੱਫ ਦੀ ਹੀਰੋਇਨ ਬਣਾ।’’ ਅਦਾਕਾਰਾ ਨੇ ਦੱਸਿਆ ਕਿ ਉਸ ਦੇ ਮਾਪੇ ਵੀ ਬੇਹੱਦ ਖੁਸ਼ ਹਨ। -ਆਈਏਐੱਨਐੱਸ