ਪੱਤਰ ਪ੍ਰੇਰਕ
ਜ਼ੀਰਕਪੁਰ, 12 ਨਵੰਬਰ
ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਨਿੱਜੀ ਹਸਪਤਾਲ ਦੇ ਨੇੜੇ ਤੋਂ ਝਾੜੀਆਂ ਵਿੱਚ ਨਵਜਾਤ ਬੱਚੀ ਲਾਵਾਰਿਸ ਹਾਲਤ ਵਿੱਚ ਮਿਲੀ ਹੈ। ਰਾਹਗੀਰਾਂ ਵੱਲੋਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਬੱਚੀ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਢਕੋਲੀ ਕਮਿਊਨਿਟੀ ਹੈਲਥ ਸੈਂਟਰ ਵਿੱਚ ਰੱਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਹਸਪਤਾਲ ਦੇ ਨੇੜੇ ਬੱਚੀ ਝਾੜੀਆਂ ਵਿੱਚ ਪਈ ਹੈ। ਉਨ੍ਹਾਂ ਮੌਕੇ ’ਤੇ ਜਾ ਕੇ ਬੱਚੀ ਨੂੰ ਢਕੋਲੀ ਕਮਿਊਨਿਟੀ ਹਸਪਤਾਲ ਵਿੱਚ ਪਹੁੰਚਾਇਆ ਜਿਥੇ ਡਾਕਟਰਾਂ ਨੇ ਬੱਚੀ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਬੱਚੀ ਬਿਲਕੁਲ ਤੰਦੁਰਸਤ ਹੈ।