ਗਗਨਦੀਪ ਅਰੋੜਾ
ਲੁਧਿਆਣਾ, 16 ਦਸੰਬਰ
ਘਰ ਦੇ ਬਾਹਰ ਖੇਡ ਰਹੀ ਪੰਜ ਸਾਲਾ ਬੱਚੀ ਨੂੰ ਆਟੋ ਚਾਲਕ ਨੇ ਅਗਵਾ ਕਰਨ ਤੋਂ ਬਾਅਦ ਉਸ ਨੂੰ ਕਾਫ਼ੀ ਸਮੇਂ ਪਹਿਲਾਂ ਤਾਂ ਘੁਮਾਇਆ ਅਤੇ ਫਿਰ ਉਸ ਤੋਂ ਬਾਅਦ ਉਸ ਨਾਲ ਜਬਰ ਜਨਾਹ ਕੀਤਾ। ਮਗਰੋਂ ਉਹ ਬੱਚੀ ਨੂੰ ਛੱਡ ਕੇ ਫ਼ਰਾਰ ਗਿਆ। ਬੱਚੀ ਦੇ ਗਾਇਬ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਦੀ ਕਾਫ਼ੀ ਭਾਲ ਕੀਤੀ, ਪਰ ਜਦੋਂ ਰਾਤ ਨੂੰ ਬੱਚੀ ਘਰ ਪੁੱਜੀ ਤਾ ਪਰਿਵਾਰ ਵਾਲਿਆਂ ਨੇ ਸੁੱਖ ਦਾ ਸਾਹ ਲਿਆ। ਬੱਚੀ ਦੀ ਜ਼ੁਬਾਨੀ ਜਦੋਂ ਪਰਿਵਾਰ ਵਾਲਿਆਂ ਨੇ ਸਾਰੀ ਘਟਨਾ ਸੁਣੀ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਉਨ੍ਹਾਂ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਪੁਲੀਸ ਦੇ ਉਚ ਅਧਿਕਾਰੀ ਤੇ ਥਾਣਾ ਦੁੱਗਰੀ ਦੇ ਐੱਸਐੱਚਓ ਮਧੂ ਬਾਲਾ ਮੌਕੇ ‘ਤੇ ਪੁੱਜੇ। ਪੁਲੀਸ ਨੇ ਸੀਸੀਟੀਵੀ ਰਾਹੀਂ ਮੁਲਜ਼ਮ ਦੀ ਪਛਾਣ ਕੀਤੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਇਸ ਮਾਮਲੇ ‘ਚ ਭਾਈ ਹਿੰਮਤ ਸਿੰਘ ਨਗਰ ਵਾਸੀ ਸੁਖਦੇਵ ਸਿੰਘ ਖਿਲਾਫ਼ ਕੇਸ ਦਰਜ ਕਰ ਕੇ ਸ਼ਨਿੱਚਰਵਾਰ ਨੂੰ ਅਦਾਲਤ ‘ਚ ਪੇਸ਼ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਧਰ, ਪੁਲੀਸ ਨੇ ਪੀੜਤ ਬੱਚੀ ਦੀ ਮੈਡੀਕਲ ਜਾਂਚ ਕਰਵਾਉਣ ਦੀ ਕਾਰਵਾਈ ਵੀ ਆਰੰਭ ਦਿੱਤੀ ਹੈ।
ਥਾਣਾ ਦੁੱਗਰੀ ਦੀ ਐੱਸਐੱਚਓ ਇੰਸਪੈਕਟਰ ਮਧੂ ਬਾਲਾ ਨੇ ਦੱਸਿਆ ਕਿ ਬੱਚੀ ਵੀਰਵਾਰ ਨੂੰ ਦੇਰ ਸ਼ਾਮ ਘਰ ਦੇ ਬਾਹਰ ਖੇਡ ਰਹੀ ਸੀ। ਇਸੇ ਦੌਰਾਨ ਬੱਚੀ ਨੂੰ ਅਚਾਨਕ ਆਟੋ ਚਾਲਕ ਨੇ ਆਪਣੇ ਆਟੋ ‘ਚ ਬਿਠਾਇਆ ਤੇ ਉਸ ਨੂੰ ਬਹਿਲਾ ਫੁਸਲਾ ਕੇ ਆਪਣੇ ਨਾਲ ਲੈ ਗਿਆ। ਉਹ ਉਸ ਨੂੰ ਕਾਫ਼ੀ ਸਮੇਂ ਤੱਕ ਘੁੰਮਾਉਂਦਾ ਰਿਹਾ ਤੇ ਇਸੇ ਦੌਰਾਨ ਉਸ ਨਾਲ ਜਬਰ ਜਨਾਹ ਕਰ ਕੇ ਉਸ ਨੂੰ ਰਸਤੇ ‘ਚ ਛੱਡ ਕੇ ਫ਼ਰਾਰ ਹੋ ਗਿਆ। ਮਗਰੋਂ ਬੱਚੀ ਨੇ ਸਾਰੀ ਘਟਨਾ ਆਪਣੇ ਮਾਪਿਆਂ ਨੂੰ ਦੱਸੀ। ਇੰਸਪੈਕਟਰ ਮਧੂ ਬਾਲਾ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਸ਼ਨਿੱਚਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
ਕਾਰੋਬਾਰੀ ਵੱਲੋਂ ਲੜਕੀ ਨਾਲ ਜਬਰ ਜਨਾਹ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਰੈਡੀਮੇਡ ਕੱਪੜਿਆਂ ਦਾ ਵਪਾਰ ਕਰਨ ਵਾਲੀ ਔਰਤ ਨੂੰ ਕਾਰੋਬਾਰੀ ਨੇ ਪੈਸੇ ਦੇਣ ਲਈ ਬੁਲਾਇਆ ਤੇ ਉਸ ਨੂੰ ਆਪਣੇ ਨਾਲ ਕਾਰ ‘ਚ ਬਿਠਾ ਕੇ ਲੈ ਗਿਆ। ਮੁਲਜ਼ਮ ਨੇ ਪੀੜਤਾ ਦੇ ਨਾਲ ਕਾਰ ‘ਚ ਜਬਰ ਜਨਾਹ ਕੀਤਾ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਹੈਬੋਵਾਲ ਜੋਸ਼ੀ ਨਗਰ ਦੇ ਰਹਿਣ ਵਾਲੇ ਰਮਨ ਨਈਅਰ ਦੇ ਖਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪੀੜਤਾ ਅਨੁਸਾਰ ਮੁਲਜ਼ਮ ਦੇ ਨਾਲ ਉਸ ਦੀ ਕਾਫ਼ੀ ਪੁਰਾਣੀ ਪਛਾਣ ਹੈ। ਮੁਲਜ਼ਮ ਨੇ ਪਹਿਲਾਂ ਵੀ ਉਸ ਨੂੰ ਵਿਆਹ ਦਾ ਝਾਂਸਾ ਦਿੱਤਾ ਤੇ ਕਈ ਵਾਰ ਉਸ ਨਾਲ ਸਰੀਰਿਕ ਸਬੰਧ ਬਣਾਏ। ਉਸ ਤੋਂ ਬਾਅਦ ਮੁਲਜ਼ਮ ਨੇ ਵਿਆਹ ਤੋਂ ਮਨ੍ਹਾਂ ਕਰ ਦਿੱਤਾ ਤੇ ਉਸ ਨੂੰ ਧਮਕੀਆਂ ਦੇਣ ਲੱਗਿਆ। ਇਸ ਸਬੰਧੀ ਕੇਸ ਚਲ ਰਿਹਾ ਹੈ। ਉਸ ਤੋਂ ਬਾਅਦ ਮੁਲਜ਼ਮ ਨੇ ਫਿਰ ਲੜਕੀ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਨੇ ਪੀੜਤਾ ਦੇ ਨਾਲ ਫਿਰ ਤੋਂ ਵਪਾਰ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਮੁਲਜ਼ਮ ਨੇ ਪੀੜਤਾ ਨੂੰ ਅਦਾਇਗੀ ਲਈ ਸਮਰਾਲਾ ਚੌਕ ਸੱਦਿਆ। ਕਾਰ ‘ਚ ਆਪਣੇ ਨਾਲ ਲੈ ਗਿਆ ਤੇ ਰਸਤੇ ‘ਚ ਉਸ ਨਾਲ ਕਾਰ ‘ਚ ਜਬਰ ਜਨਾਹ ਕੀਤਾ। ਥਾਣਾ ਡਿਵੀਜ਼ਨ ਨੰਬਰ 7 ਦੇ ਐੱਸਐੱਚਓ ਇੰਸਪੈਕਟਰ ਸਤਪਾਲ ਸਿੱਧੂ ਨੇ ਦੱਸਿਆ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।