ਚਰਨਜੀਤ ਭੁੱਲਰ
ਚੰਡੀਗੜ੍ਹ, 29 ਜੁਲਾਈ
ਪੰਜਾਬ ’ਵਰਸਿਟੀ ਸੈਨੇਟ ਚੋਣਾਂ ਲਈ ਮੈਦਾਨ ਭਖ ਗਿਆ ਹੈ। ਗਰੈਜੂਏਟ ਹਲਕੇ ਦੀ ਚੋਣ 18 ਅਗਸਤ ਨੂੰ ਹੋਵੇਗੀ ਜਿਸ ਲਈ ਕੁੱਲ 43 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ’ਚੋਂ 15 ਉਮੀਦਵਾਰਾਂ ਦੀ ਚੋਣ ਹੋਣੀ ਹੈ। ਐਤਕੀਂ ਉਸ ਵਕਤ ਸੈੈਨੇਟ ਚੋਣਾਂ ਹੋ ਰਹੀਆਂ ਹਨ ਜਦੋਂ ਕੇਂਦਰ ਸਰਕਾਰ ‘ਕੌਮੀ ਸਿੱਖਿਆ ਨੀਤੀ-2020’ ਦੇ ਤਹਿਤ ਪ੍ਰਸ਼ਾਸਕੀ ਸੁਧਾਰਾਂ ਹੇਠ ’ਵਰਸਿਟੀ ਦੇ ਲੋਕਰਾਜੀ ਢਾਂਚੇ ’ਤੇ ਵੱਡਾ ਹੱਲਾ ਬੋਲਣ ਦੀ ਤਿਆਰੀ ਵਿੱਚ ਹੈ।
ਗਰੈਜੂਏਟ ਹਲਕੇ ਦੇ ਉਮੀਦਵਾਰ ਐਡਵੋਕੇਟ ਦਿਆਲ ਪ੍ਰਤਾਪ ਸਿੰਘ ਰੰਧਾਵਾ (ਸੀਰੀਅਲ ਨੰਬਰ ਅੱਠ) ਜੋ ਪਹਿਲਾਂ ਵੀ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਰਹਿ ਚੁੱਕੇ ਹਨ, ਨੇ ਆਪਣਾ ਮੁੱਖ ਮੁੱਦਾ ਹੀ ਪੰਜਾਬ ’ਵਰਸਿਟੀ ਦੇ ਜਮਹੂਰੀ ਢਾਂਚੇ ਨੂੰ ਬਚਾਉਣਾ ਰੱਖਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਪੰਜਾਬ ’ਵਰਸਿਟੀ ਦਾ ਜਮਹੂਰੀ ਕਲਚਰ ਖ਼ਤਮ ਕਰਨ ਦੇ ਰਾਹ ਪਈ ਹੈ ਜੋ ’ਵਰਸਿਟੀ ਦੀ ਹੋਂਦ ਲਈ ਵੱਡਾ ਖਤਰਾ ਬਣਨਾ ਹੈ। ਉਨ੍ਹਾਂ ਕਿਹਾ ਕਿ ਉਹ ’ਵਰਸਿਟੀ ਦੀ ਕਾਇਮੀ ਲਈ ਲੜਾਈ ਲੜਣ ਵਾਸਤੇ ਮੈਦਾਨ ਵਿਚ ਹਨ।
ਰੰਧਾਵਾ ਨੇ ਚਾਂਸਲਰ ਤੋਂ ਮੰਗ ਕੀਤੀ ਹੈ ਕਿ ਪ੍ਰਸ਼ਾਸਕੀ ਸੁਧਾਰਾਂ ਦੇ ਨਾਮ ਹੇਠ ਜੋ ਨਵੀਂ ਰਿਪੋਰਟ ਗਿਆਰਾਂ ਮੈਂਬਰੀ ਕਮੇਟੀ ਨੇ ਤਿਆਰ ਕੀਤੀ ਹੈ, ਉਸ ਨੂੰ ਨਵੀਂ ਚੁਣੀ ਜਾਣ ਵਾਲੀ ਸੈਨੇਟ ਤੇ ਸਿੰਡੀਕੇਟ ਦੇ ਸਨਮੁੱਖ ਰੱਖਿਆ ਜਾਵੇਗਾ। ਉਹ ’ਵਰਸਿਟੀ ਦੇ ਵਿਦਿਅਕ ਮਿਆਰਾਂ ਲਈ ਲੜਾਈ ਲੜਨਗੇ ਅਤੇ ਕੇਂਦਰ ਨੂੰ ਚਾਹੀਦਾ ਹੈ ਕਿ ਐੱਨਜੀਡੀਪੀ ਦਾ 6 ਫੀਸਦੀ ਖਰਚ ਸਿੱਖਿਆ ’ਤੇ ਖਰਚ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਦੱਸਣਯੋਗ ਹੈ ਕਿ ਗਰੈਜੂਏਟ ਹਲਕੇ ਦੇ ਕਰੀਬ 3.61 ਲੱਖ ਵੋਟਰ ਹਨ।
ਕੇਂਦਰੀ ਹੱਲਿਆਂ ਦਾ ਟਾਕਰਾ ਕਰਾਂਗੇ: ਬੰਧੂ
ਸੈਨੇਟ ਚੋਣਾਂ ਦੇ ਪ੍ਰਿੰਸੀਪਲਜ਼ ਆਫ ਟੈਕਨੀਕਲ ਐਂਡ ਪ੍ਰੋਫੈਸ਼ਨਲ ਕਾਲਜਿਜ਼ ਹਲਕੇ ਲਈ ਪੰਜ ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ’ਚੋਂ ਤਿੰਨ ਚੁਣੇ ਜਾਣੇ ਹਨ। ਉਮੀਦਵਾਰ ਪ੍ਰਿੰਸੀਪਲ ਤਿਰਲੋਕ ਬੰਧੂ ਜੋ ਕਿ ਪੁਰਾਣੇ ਸੈਨੇਟ ਮੈਂਬਰ ਹਨ, ਦਾ ਕਹਿਣਾ ਸੀ ਕਿ ਉਹ ਪੇਂਡੂ ਤੇ ਸ਼ਹਿਰੀ ਖੇਤਰ ’ਚ ਉੱਚੇਰੀ ਸਿੱਖਿਆ ਵਿਚ ਵਿਦਿਅਕ ਸੁਧਾਰਾਂ ਲਈ ਮੈਦਾਨ ਵਿੱਚ ਹਨ। ਉਨ੍ਹਾਂ ਕਿਹਾ ਕਿ ਵਿਦਿਅਕ ਢਾਂਚੇ ਵਿਚ ਗੁਣਵੱਤਾ ਲਿਆਉਣ ਲਈ ਅਤੇ ਕੇਂਦਰ ਦੇ ਨਵੇਂ ਹੱਲਿਆਂ ਦੇ ਟਾਕਰੇ ਲਈ ਉਹ ਅੱਗੇ ਹੋ ਕੇ ਲੜਣਗੇ।