ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਗਸਤ
ਇੱਥੇ ਛੋਟੀ ਬਾਰਾਂਦਰੀ ਸਥਿਤ ਇੰਪਰੂਵਮੈਂਟ ਟਰੱਸਟ ਦਫ਼ਤਰ ਦੇ ਸਾਹਮਣੇ ਪੈਂਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਾਮ ’ਤੇ ਬਣੇ ਸ਼ਾਪਿੰਗ ਕੰਪਲੈਕਸ ਦੇ ਪਿਛਲੇ ਪਾਸੇ ਕਈ ਦਿਨਾਂ ਤੋਂ ਸੀਵਰੇਜ ਦੇ ਪਾਣੀ ਦੇ ਓਵਰਫਲੋਅ ਹੋਣ ਕਾਰਨ ਲੋਕਾਂ ਦੇ ਰਾਹ ਰੁਕਣ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵੱਲੋਂ 23 ਅਗਸਤ ਦੇ ਅੰਕ ’ਚ ਖ਼ਬਰ ਪ੍ਰਕਾਸ਼ਿਤ ਹੋਣ ਉਪਰੰਤ ਅੱਜ ਨਗਰ ਨਿਗਮ ਨੇ ਆਪਣੇ ਮੁਲਾਜ਼ਮਾਂ ਰਾਹੀਂ ਸੀਵਰੇਜ ਦੀ ਇਹ ਲੀਕੇਜ ਬੰਦ ਕਰਵਾ ਕੇ ਇੱਥੇ ਖੜ੍ਹੇ ਪਾਣੀ ਦੀ ਨਿਕਾਸੀ ਕਰਵਾ ਦਿੱਤੀ ਹੈ। ਅੱਜ ਦਿਨ ਭਰ ਪਈ ਕੜਕਵੀਂ ਧੁੱਪ ਨਾਲ ਇਹ ਥਾਂ ਵੀ ਸੁੱਕ ਗਈ ਹੈ ਜਦਕਿ ਪਹਿਲਾਂ ਇੱਥੋਂ ਪੈਦਲ ਤਾਂ ਲੰਘਿਆ ਹੀ ਨਹੀਂ ਸੀ ਜਾ ਸਕਦਾ ਸੀ। ਪਤਾ ਲੱਗਾ ਹੈ ਕਿ ਇਸ ਦੌਰਾਨ ਇੱਥੇ ਪੁੱਜੇ ਨਗਰ ਨਿਗਮ ਦੀ ਇੱਕ ਟੀਮ ਨੇ ਇਸ ਖੇਤਰ ਦੇ ਕੁਝ ਕਾਰੋਬਾਰੀਆਂ ਨੂੰ ਵੀ ਸੀਵਰੇਜ ’ਚ ਕੁਝ ਵੀ ਅਜਿਹਾ ਨਾ ਸੁੱਟਣ ਤੋਂ ਵਰਜਿਆ ਹੈ ਜਿਸ ਨਾਲ ਮੁੜ ਤੋਂ ਪਹਿਲਾਂ ਵਾਲੀ ਸਥਿਤੀ ਪੈਦਾ ਹੋਵੇ।
ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਉੱਪਲ ਨੇ ਇਹ ਗੱਲ ਸਖ਼ਤੀ ਨਾਲ ਆਖੀ ਕਿ ਸੀਵਰੇਜ ਦੀ ਬਲਾਕਿੰਗ ਦਾ ਕਾਰਨ ਬਣਨ ਵਾਲੇ ਅਦਾਰਿਆਂ ਨੇ ਜੇਕਰ ਸੁਧਾਰ ਨਾ ਕੀਤਾ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।