ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 12 ਨਵੰਬਰ
ਅਹਿਮਦਗੜ੍ਹ ਸਬ-ਡਿਵੀਜ਼ਨ ਪੁਲੀਸ ਨੇ ਧਾਰਮਿਕ ਅਸਥਾਨਾਂ ਵਿੱਚ ਚੌਕਸੀ ਵਧਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ ਦੀ ਰਹਿਨੁਮਾਈ ਹੇਠ ਮੁਹਿੰਮ ਸ਼ੁਰੂ ਕਰਦਿਆਂ ਡੀਐੱਸਪੀ ਹਰਵਿੰਦਰ ਸਿੰਘ ਚੀਮਾ ਨੇ ਆਪਣੇ ਸਰਕਲ ਵਿੱਚ ਪੈਂਦੇ ਕਰੀਬ 125 ਮੰਦਰਾਂ, ਗੁਰਦੁਆਰਿਆਂ ਤੇ ਮਸਜਿਦਾਂ ਸਮੇਤ ਬਾਕੀ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਅਤੇ ਪੁਜਾਰੀਆਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਦੌਰਾਨ ਹੋਰ ਵੀ ਚੌਕਸ ਹੋਣ ਲਈ ਕਿਹਾ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਬੇਅਦਬੀ ਵਰਗੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਕਨਵੀਰ ਐੱਸੱਐੱਚਓ ਸਿਟੀ ਵਿਨਰਪ੍ਰੀਤ ਸਿੰਘ ਨੇ ਦੱਸਿਆ ਕਿ ਡੀਐੱਸਪੀ ਹਰਵਿੰਦਰ ਸਿੰਘ ਚੀਮਾ ਨੇ ਵੱਖ ਵੱਖ ਪਾਰਟੀਆਂ ਬਣਾ ਕੇ ਲਗਪਗ ਸਾਰੇ ਧਾਰਮਿਕ ਅਸਥਾਨਾਂ ਦੀ ਚੈਕਿੰਗ ਕਰਵਾਈ ਅਤੇ ਨਿਗਰਾਨਾਂ ਨੂੰ ਅਪੀਲ ਕੀਤੀ ਕਿ ਹਰ ਹਾਲਤ ਵਿੱਚ ਸੀਸੀਟੀਵੀ ਕੈਮਰੇ ਲਗਾ ਕੇ ਉਨ੍ਹਾਂ ਨੂੰ ਚੱਲਦੀ ਹਾਲਤ ਵਿੱਚ ਰੱਖਣਾ ਯਕੀਨੀ ਬਣਾਉਣ।