ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਅਗਸਤ
ਜਰਖੜ ਖੇਡ ਸਟੇਡੀਅਮ ਵਿੱਚ ਸਥਾਪਤ ਨੌਜਵਾਨ ਕਬੱਡੀ ਸਟਾਰ ਮਾਣਕ ਜੋਧਾਂ ਦਾ ਆਦਮ ਕੱਦ ਬੁੱਤ ਤੋਂ ਪਰਦਾ ਹਟਾ ਕੇ ਅੱਜ ਲੋਕਾਂ ਲਈ ਸਮਰਪਿਤ ਕੀਤਾ ਗਿਆ। ਇਸ ਸਬੰਧੀ ਜਰਖੜ ਖੇਡ ਕੰਪਲੈਕਸ ਵਿੱਚ ਹੋਏ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਪੁੱਜੇ। ਬੁੱਤ ਤੋਂ ਪਰਦਾ ਉਠਾਉਣ ਦੀ ਰਸਮ ਮੌਕੇ ਮਾਣਕ ਜੋਧਾਂ ਦੇ ਪਿਤਾ ਮਹਿੰਦਰ ਸਿੰਘ ਗਰੇਵਾਲ, ਮਾਤਾ ਤੇਜ ਕੌਰ, ਪਤਨੀ ਹਰਪ੍ਰੀਤ ਕੌਰ ਅਤੇ ਕਬੱਡੀ ਦੇ ਰਹਿਨੁਮਾ ਕੋਚ ਅਤੇ ਸਾਬਕਾ ਜ਼ਿਲ੍ਹਾ ਖੇਡ ਅਫਸਰ ਦੇਵੀ ਦਿਆਲ ਹਾਜ਼ਰ ਸਨ। ਇਸ ਮੌਕੇ ਸੁਰਿੰਦਰਪਾਲ ਸਿੰਘ ਟੋਨੀ ਕਾਲਖ , ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ , ਤਰਸੇਮ ਸਿੰਘ ਜੋਧਾਂ ਸਾਬਕਾ ਵਿਧਾਇਕ , ਹਾਕਮ ਸਿੰਘ ਟੋਨਾ ਬਾਰੇਵਾਲਾ ਹਾਜ਼ਰ ਸਨ। ਇਸ ਮੌਕੇ ਮਾਣਕ ਜੋਧਾਂ ਦੇ ਪਰਿਵਾਰ ਨੂੰ ਕੈਪਟਨ ਸੰਦੀਪ ਸਿੰਘ ਸੰਧੂ ਨੇ ਵਿਸ਼ੇਸ਼ ਐਵਾਰਡ ਨਾਲ ਸਨਮਾਨਤ ਕੀਤਾ। ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਇਸ ਵਾਰ ਦਸੰਬਰ ਵਿੱਚ ਮਾਣਕ ਜੋਧਾਂ ਨੂੰ ਸਮਰਪਿਤ ਕਬੱਡੀ ਕੱਪ ਅਤੇ ਆਲ ਇੰਡੀਆ ਪੱਧਰ ਦਾ ਮਹਿੰਦਰਪ੍ਰਤਾਪ ਗਰੇਵਾਲ ਗੋਲਡ ਕੱਪ ਹਾਕੀ ਟੂਰਨਾਮੈਂਟ ਅਤੇ ਜਰਖੜ ਖੇਡ ਫੈਸਟੀਵਲ ਵੱਡੇ ਪੱਧਰ ’ਤੇ ਕਰਵਾਇਆ ਜਾਵੇਗਾ।