ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਮਈ
ਪਿੰਡ ਲੰਗੇਆਣਾ ਪੁਰਾਣਾ ਵਿੱਚ ਬੀਤੇ ਦਿਨੀਂ ਭਾਰਤੀ ਹਵਾਈ ਸੈਨਾ ਦੇ ਮਿੱਗ-21 ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਸ਼ਹੀਦ ਹੋਏ ਸਕੁਐਡਰਨ ਲੀਡਰ ਅਭਿਨਵ ਚੌਧਰੀ ਦੀ ਆਤਿਮਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਅਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸ਼ਹੀਦ ਪਾਇਲਟ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ ਅਤੇ ਉਨ੍ਹਾਂ ਹਾਦਸੇ ਵਾਲੀ ਥਾਂ ਵੀ ਦੇਖੀ। ਦੱਸਣਯੋਗ ਹੈ ਕਿ ਸ਼ਹੀਦ ਪਾਇਲਟ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪਿੰਡ ਪੁਸਰ ਦਾ ਰਹਿਣ ਵਾਲਾ ਸੀ, ਉਸ ਦੇ ਪਿਤਾ ਸਤੇਂਦਰ ਚੌਧਰੀ ਕਿਸਾਨ ਹਨ। ਇਸ ਸ਼ਰਧਾਂਜਲੀ ਸਮਾਗਮ ਵਿੱਚ ਪਿੰਡ ਲੰਗੇਆਣਾ ਨਵਾਂ ਤੇ ਪੁਰਾਣਾ ਦੀਆਂ ਪੰਚਾਇਤਾਂ ਤੋਂ ਇਲਾਵਾ ਸ਼ਹੀਦ ਪਾਇਲਟ ਦੇ ਪਰਿਵਾਰਕ ਮੈਂਬਰ ਅਤੇ ਵੱਡੀ ਗਿਣਤੀ ’ਚ ਸਿਆਸੀ, ਧਾਰਮਿਕ ਤੇ ਹੋਰ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਰਪੰਚ ਜਗਸੀਰ ਸਿੰਘ, ਸਰਪੰਚ ਸੁਖਦੇਵ ਸਿੰਘ, ਐਕਸ ਆਰਮੀ ਵੈੱਲਫੇਅਰ ਕਮੇਟੀ ਪੰਜਾਬ ਦੇ ਸਰਪ੍ਰਸਤ ਸਰਪੰਚ ਵਾਹਿਗੁਰੂ ਪਾਲ ਸਿੰਘ, ਜੀਓਜੀ ਟੀਮ ਬਾਘਾਪੁਰਾਣਾ ਇੰਚਾਰਜ ਕੈਪਟਨ ਬਲਵਿੰਦਰ ਸਿੰਘ, ਸਤਨਾਮ ਸਿੰਘ ਲੰਗੇਆਣਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ, ਕਾਂਗਰਸ ਆਗੂ ਜੋਧਾ ਬਰਾੜ, ਜਸਵੰਤ ਸਿੰਘ ਅਤੇ ਕੈਨੇਡੀਅਨ ਜਸਵਿੰਦਰ ਸਿੰਘ ਨੇ ਸ਼ਹੀਦ ਪਾਇਲਟ ਦੀ ਸ਼ਹਾਦਤ ਨੂੰ ਨਮਨ ਕੀਤਾ। ਇਸ ਮੌਕੇ ਸ਼ਹੀਦ ਦੀ ਯਾਦਗਾਰ ਉਸਾਰਨ ਸਬੰਧੀ ਪ੍ਰਸ਼ਾਸਨ ਤੋਂ ਮਨਜ਼ੂਰੀ ਤੇ ਭਾਰਤੀ ਹਵਾਈ ਫ਼ੌਜ ਦੀ ਕਾਰਵਾਈ ਪੂਰੀ ਹੋਣ ਬਾਅਦ ਉਨ੍ਹਾਂ ਦਾ ਇੱਥੇ ਬੁੱਤ ਸਥਾਪਤ ਕਰਨ ਦਾ ਵੀ ਫ਼ੈਸਲਾ ਲਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਪਾਇਲਟ ਅਭਿਨਵ ਚੌਧਰੀ ਨੇ ਸ਼ਹਾਦਤ ਦੇ ਕੇ ਦੋਵਾਂ ਪਿੰਡਾਂ ਦੇ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ। ਇਸ ਮੌਕੇ ਸ਼ਹੀਦ ਪਾਇਲਟ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸ਼ਹੀਦ ਪਾਇਲਟ ਅਭਿਨਵ ਚੌਧਰੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਪਿੰਡ ਪੁਸਰ (ਯੂ.ਪੀ) ਦੇ ਸਰਪੰਚ ਭਾਗਿਆਬੀਰ, ਤਾਇਆ ਸੂਬੇ ਸਿੰਘ ਚੌਧਰੀ, ਪ੍ਰਕਾਸ਼ ਬੀਰ, ਵਿਕਾਸ ਮਾਲਿਕ, ਜੇਤਿੰਦਰ ਚੌਧਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਮਿੱਗ-21 ਜਹਾਜ਼ਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦਾ ਬੇਟਾ ਤਾਂ ਚਲਾ ਗਿਆ ਪਰ ਕਿਸੇ ਹੋਰ ਦਾ ਬੇਟਾ ਨਾ ਜਾਵੇ, ਇਸ ਲਈ ਇਨ੍ਹਾਂ ਜਹਾਜ਼ਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਅਜਿਹੇ ਕਈ ਹਾਦਸੇ ਵਾਪਰਨ ਕਈ ਨੌਜਵਾਨ ਆਪਣੀ ਜਾਨ ਗੁਆ ਚੁੱਕੇ ਹਨ।