ਪਵਨ ਗੋਇਲ
ਭੁੱਚੋ ਮੰਡੀ, 28 ਜੂਨ
ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮਿਉਂਸਿਪਲ ਪਾਰਕ ਵਿੱਚ ਦੁਕਾਨਾਂ ਕੱਟੇ ਜਾਣ ਦੇ ਵਿਰੋਧ ਵਿੱਚ ਲਾਇਬ੍ਰੇਰੀ ਸੜਕ ’ਤੇ ਨਗਰ ਕੌਂਸਲ ਖ਼ਿਲਾਫ਼ ਧਰਨਾ ਦਿੱਤਾ ਅਤੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ, ਲੀਗਲ ਸੈੱਲ ਪੰਜਾਬ ਦੇ ਮੀਤ ਪ੍ਰਧਾਨ ਨਵਦੀਪ ਜੀਦਾ, ਔਰਤ ਵਿੰਗ ਪੰਜਾਬ ਦੀ ਮੀਤ ਪ੍ਰਧਾਨ ਬਲਜਿੰਦਰ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਨੇ ਕਿਹਾ ਕਿ ਨਗਰ ਕੌਂਸਲ 2 ਜੁਲਾਈ ਨੂੰ ਪਾਰਕ ਵਿੱਚ 22 ਦੁਕਾਨਾਂ ਕੱਟ ਕੇ ਕਿਰਾਏ ’ਤੇ ਦੇਣ ਲਈ ਬੋਲੀ ਕਰਵਾ ਰਹੀ ਹੈ। ਇਸ ਨਾਲ ਸ਼ਹਿਰ ਦੀ ਸੈਰਗਾਹ ਦੇ ਵੱਡੇ ਹਿੱਸੇ ਦਾ ਖ਼ਾਤਮਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਨਤਕ ਥਾਵਾਂ ਵੇਚ ਕੇ ਮੋਟੀ ਕਮਾਈ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਪਾਰਕ ਦੀ ਜਗ੍ਹਾ ਨਿਲਾਮ ਨਹੀਂ ਹੋਣ ਦੇਣਗੇ।
ਇਸ ਸਬੰਧੀ ਈਓ ਤਰੁਣ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਦੀ ਆਰਥਿਕ ਸਥਿਤੀ ਸੁਧਾਰਨ ਖਾਤਰ ਕਿਰਾਏ ਲਈ ਦੁਕਾਨਾਂ ਕੱਟੀਆਂ ਜਾ ਰਹੀ ਹਨ। ਸੇਵਾ ਮੁਕਤ ਮੁਲਾਜ਼ਮਾਂ ਦਾ ਕੌਂਸਲ ਵੱਲ ਲੱਗਭੱਗ ਸਵਾ ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ ਅਤੇ ਇੱਕ ਕਰੋੜ ਰੁਪਏ ਦਾ ਪੀਐਫ ਜਮ੍ਹਾਂ ਕਰਵਾਉਣ ਵਾਲਾ ਰਹਿੰਦਾ ਹੈ। ਇਸ ਮਾਮਲੇ ਵਿੱਚ ਅਧਿਕਾਰੀਆਂ ਨੂੰ ਪੇਸ਼ੀਆਂ ਭੁਗਤਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੁਕਾਨਾਂ ਕੱਟਣ ਸਬੰਧੀ ਹਾਊਸ ਵੱਲੋਂ ਬਕਾਇਦਾ ਮਤਾ ਪਾ ਕੇ ਸਰਕਾਰ ਨੂੰ ਭੇਜਿਆ ਗਿਆ ਸੀ ਜਿਸ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਸੀ। ਇਸ ਮੌਕੇ ‘ਆਪ’ ਦੇ ਆਗੂ ਰਾਕੇਸ਼ ਕਾਂਸਲ, ਰਾਕੇਸ਼ ਪੁਰੀ, ਰਾਕੇਸ਼ ਸਿੰਗਲਾ, ਜੋਗਿੰਦਰ ਕਾਕਾ, ਯਾਦਵਿੰਦਰ ਸ਼ਰਮਾ, ਲਖਵੀਰ ਕਾਕਾ, ਨਰੇਸ਼ ਬਾਂਸਲ, ਮੇਜਰ ਕਲਸੀ, ਜਗਦੀਪ ਸਿੰਘ, ਬਲਕਾਰ ਸਿੰਘ ਭੋਖੜਾ ਅਤੇ ਬਲਦੇਵ ਸਿੰਘ ਨੇ ਸੰਬੋਧਨ ਕੀਤਾ।