ਪੱਤਰ ਪ੍ਰੇਰਕ
ਮੂਨਕ, 12 ਨਵੰਬਰ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਲਾਕ ਮੂਨਕ ਦੀ ਅੱਜ ਅਹਿਮ ਮੀਟਿੰਗ ਹੋਈ। ਇਸ ਨੂੰ ਸੰਬੋਧਨ ਕਰਦਿਆਂ ਡੀ.ਟੀ.ਐਫ. ਦੇ ਸੂਬਾ ਆਗੂ ਸੁਖਵਿੰਦਰ ਗਿਰ ਨੇ ਕਿਹਾ ਕਿ ਮੁਲਾਜ਼ਮ-ਪੈਨਸ਼ਨਰ ਮੰਗਾਂ ਵਿੱਚ ਵੱਡਾ ਅੜਿੱਕਾ ਅਤੇ ਕਾਰਪੋਰੇਟਾਂ ਦੇ ਚਹੇਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਲੋਕ ਤਾਕਤ ਦਾ ਅਹਿਸਾਸ ਕਰਵਾਉਣ ਲਈ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵਲੋਂ ਬਠਿੰਡਾ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਵਿੱਚ ਅਧਿਆਪਕਾਂ ਦੀ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਾਈ ਜਾਏਗੀ। ਉਨ੍ਹਾਂ ਦੱਸਿਆ ਕਿ ਸਾਂਝਾ ਫਰੰਟ ਵੱਲੋਂ 24 ਦਿਨਾਂ ਤੋਂ ਮੋਰਿੰਡਾ ਵਿਖੇ ਲਾਇਆ ਪੱਕਾ ਧਰਨਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਜਾਇਜ਼ ਮੰਗਾਂ ਲਈ ਲਾਇਆ ਗਿਆ ਹੈ ਅਤੇ ਇਨ੍ਹਾਂ ਮੰਗਾਂ ਦੇ ਪੂਰਾ ਹੋਣ ਤੱਕ ਇਹ ਧਰਨਾ ਜਾਰੀ ਰਹੇਗਾ। ਡੀ.ਟੀ.ਐੱਫ. ਦੇ ਆਗੂਆਂ ਨੇ ਸੰਘਰਸ਼ ਨੂੰ ਤੇਜ਼ ਕਰਦਿਆਂ ਪਿਛਲੇ ਤਨਖਾਹ ਕਮਿਸ਼ਨ ਦੌਰਾਨ ਮਿਲੇ ਸਾਰੇ ਵਾਧੇ ਬਰਕਰਾਰ ਰੱਖਦਿਆਂ ਹਰੇਕ ਮੁਲਾਜ਼ਮ ਦੀ ਪੇਅ ਫਿਕਸ਼ੇਸ਼ਨ 2.72 ਗੁਣਾਂਕ ਅਨੁਸਾਰ ਲਾਗੂ ਕਰਵਾਉਣ ਬਠਿੰਡਾ ਵਿਖੇ ਹੋਣ ਜਾ ਰਹੀ ਰੈਲੀ ਵਿੱਚ ਸ਼ਾਮਲ ਹੋਣ ਦਾ ਅਹਿਦ ਲਿਆ।