ਨਵੀਂ ਦਿੱਲੀ: ਇੱਥੋਂ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਸੰਨ 2020 ਵਿੱਚ ਦਿੱਲੀ ਦੰਗਿਆਂ ਦੀ ਸਾਜ਼ਿਸ਼ ਰਚਣ ਦੇ ਕੇਸ ਵਿੱਚ ਨਾਮਜ਼ਦ ਸਾਬਕਾ ਜੇਐੱਨਯੂ ਵਿਦਿਆਰਥੀ ਆਗੂ ਉਮਰ ਖਾਲਿਦ ਦੀ ਜ਼ਮਾਨਤ ਲਈ ਅਰਜ਼ੀ ’ਤੇ ਸੁਣਵਾਈ 9 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ। ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਛੁੱਟੀ ’ਤੇ ਹੋਣ ਕਾਰਨ ਸੁਣਵਾਈ ਅਗਲੇ ਮਹੀਨੇ ਤੱਕ ਟਾਲ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਖਾਲਿਦ ਸਮੇਤ ਕਈ ਹੋਰਨਾਂ ਖ਼ਿਲਾਫ਼ ਅਤਿਵਾਦ ਵਿਰੋਧੀ ਕਾਨੂੰਨ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਫਰਵਰੀ 2020 ਵਿੱਚ ਹੋਈ ਹਿੰਸਾ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਮੁਲਜ਼ਮ ਨਾਮਜ਼ਦ ਹਨ। ਹਿੰਸਾ ਦੌਰਾਨ 53 ਵਿਅਕਤੀ ਮਾਰੇ ਗਏ ਸਨ ਅਤੇ 700 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਖਾਲਿਦ ਨੇ 6 ਸਤੰਬਰ ਨੂੰ ਜ਼ਮਾਨਤ ਅਰਜ਼ੀ ਵਾਪਸ ਲੈ ਕੇ ਨਵੀਂ ਅਰਜ਼ੀ ਦਾਖ਼ਲ ਕੀਤੀ ਸੀ। ਉਸ ਨੇ 3 ਸਤੰਬਰ ਨੂੰ ਆਪਣੇ ਵਕੀਲ ਰਾਹੀਂ ਅਦਾਲਤ ਨੂੰ ਦੱਸਿਆ ਸੀ ਕਿ ਚਾਰਜਸ਼ੀਟ ਵਿੱਚ ਤੱਥਾਂ ਤੋਂ ਬਗ਼ੈਰ ਦੋਸ਼ ਲਾਏ ਗਏ ਜੋ ਮਨਘੜਤ ਹਨ। -ਪੀਟੀਆਈ