ਨਿਊ ਯਾਰਕ, 23 ਸਤੰਬਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਜੀ-20 ਮੁਲਕਾਂ ਨੂੰ ਕਿਹਾ ਕਿ ਤਾਲਿਬਾਨ ਦੇ ਅਫ਼ਗ਼ਾਨਿਸਤਾਨ ਦੀ ਧਰਤੀ ਨੂੰ ਅਤਿਵਾਦ ਲਈ ਨਾ ਵਰਤਣ ਦੇਣ ਦੇ ਵਾਅਦੇ ਨੂੰ ਹਰ ਹਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁੱਲ ਆਲਮ ਇਕ ਅਜਿਹਾ ਮੋਕਲਾ ਘੇਰਾ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਅਮਲ ਚਾਹੁੰਦਾ ਹੈ, ਜਿਸ ਵਿੱਚ ਅਫ਼ਗ਼ਾਨ ਸੁਸਾਇਟੀ ਦੇ ਸਾਰੇ ਵਰਗਾਂ ਨੂੰ ਨੁਮਾਇੰਦਗੀ ਮਿਲੇ। ਜੈਸ਼ੰਕਰ ਇਥੇ ਜੀ-20 ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਅਫ਼ਗ਼ਾਨਿਸਤਾਨ ਨੂੰ ਲੈ ਕੇ ਸੱਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਇਹ ਮੀਟਿੰਗ ਸੰਯੁਕਤ ਰਾਸ਼ਟਰ ਆਮ ਸਭਾ ਦੇ 76ਵੇਂ ਇਜਲਾਸ ਤੋਂ ਇਕਪਾਸੇ ਹੋਈ। ਜੈਸ਼ੰਕਰ ਨੇ ਇਸ ਵਰਚੁਅਲ ਮੀਟਿੰਗ ਮਗਰੋਂ ਕੀਤੇ ਲੜੀਵਾਰ ਟਵੀਟਾਂ ਵਿੱਚ ਕਿਹਾ, ‘‘ਕੌਮਾਂਤਰੀ ਭਾਈਚਾਰੇ ਨੂੰ ਮਾਨਵੀ ਲੋੜਾਂ ਲਈ ਇਕਜੁੱਟ ਹੋਣਾ ਚਾਹੀਦਾ ਹੈ। ਮੁਲਕਾਂ ਵੱਲੋਂ ਦਿੱਤੀ ਜਾਣ ਵਾਲੀ ਮਦਦ ਦੀ ਬੇਰੋਕ ਤੇ ਸਿੱਧੀ ਰਸਾਈ ਹੋਵੇ।’’ ਉਨ੍ਹਾਂ ਕਿਹਾ, ‘‘ਤਾਲਿਬਾਨ ਦੀ ਅਫ਼ਗ਼ਾਨ ਸਰਜ਼ਮੀਨ ਨੂੰ ਅਤਿਵਾਦੀ ਸਰਗਰਮੀਆਂ ਲਈ ਵਰਤਣ ਨਾ ਦੇਣ ਦੀ ਵਚਨਬੱਧਤਾ ਨੂੰ ਹਰ ਹਾਲ ਵਿੱਚ ਲਾਗੂ ਕੀਤਾ ਜਾਵੇ। ਕੁੱਲ ਆਲਮ ਇਕ ਅਜਿਹਾ ਅਮਲ ਚਾਹੁੰਦਾ ਹੈ, ਜਿਸ ਵਿੱਚ ਅਫ਼ਗ਼ਾਨ ਸੁਸਾਇਟੀ ਦੇ ਹਰ ਵਰਗ ਦੀ ਨੁਮਾਇੰਦਗੀ ਯਕੀਨੀ ਬਣਾਈ ਜਾਵੇ।’’ ਜੈਸ਼ੰਕਰ ਨੇ ਕਿਹਾ ਕਿ ਯੂਐੱਨ ਸੁਰੱਖਿਆ ਕੌਂਸਲ ਦਾ ਮਤਾ ਨੰਬਰ 2593 ਅਫ਼ਗ਼ਾਨਿਸਤਾਨ ਪ੍ਰਤੀ ਆਲਮੀ ਭਾਵਨਾਵਾਂ ਨੂੰ ਦਰਸਾਉਂਦਾ ਹੈ ਕਿ ਇਸ ਮੁਲਕ ਨੂੰ ਦਿੱਤੀ ਜਾਂਦੀ ਸੇਧ ਜਾਰੀ ਰੱਖਣੀ ਚਾਹੀਦੀ ਹੈ। ਭਾਰਤ ਦੀ ਅਫ਼ਗਾਨ ਲੋਕਾਂ ਨਾਲ ਇਤਿਹਾਸਕ ਦੋੋਸਤੀ ਹੈ, ਜੋ ਉਸ ਨੂੰ ਇਸ ਪਾਸੇ ਪੇਸ਼ਕਦਮੀ ਕਰਨ ਲਈ ਪ੍ਰੇਰਦੀ ਰਹੇਗੀ।’ ਕਾਬਿਲੇਗੌਰ ਹੈ ਕਿ ਪਿਛਲੇ ਮਹੀਨੇ ਭਾਰਤ ਦੀ ਪ੍ਰਧਾਨਗੀ ਵਿੱਚ ਯੂਐੱਨ ਦੀ 15 ਮੈਂਬਰੀ ਕੌਂਸਲ ਨੇ ਇਕ ਮਤਾ ਪਾਸ ਕਰ ਕੇ ਮੰਗ ਕੀਤੀ ਸੀ ਕਿ ਅਫ਼ਗ਼ਾਨ ਸਰਜ਼ਮੀਨ ਨੂੰ ਕਿਸੇ ਵੀ ਹੋਰ ਦੂਜੇ ਮੁਲਕ ਨੂੰ ਧਮਕਾਉਣ ਜਾਂ ਹਮਲਾ ਕਰਨ ਜਾਂ ਫਿਰ ਦਹਿਸ਼ਤਗਰਦਾਂ ਨੂੰ ਸਿਖਲਾਈ ਦੇਣ ਜਾਂ ਦਹਿਸ਼ਤੀ ਸਰਗਰਮੀਆਂ ਲਈ ਵਿੱਤ ਜੁਟਾਉਣ ਲਈ ਨਾ ਵਰਤਣ ਦਿੱਤਾ ਜਾਵੇ। ਅਮਰੀਕੀ ਫੌਜਾਂ ਦੇ ਅਫ਼ਗ਼ਾਨਿਸਤਾਨ ’ਚੋਂ ਹਿਜਰਤ ਕਰਨ ਮਗਰੋਂ ਤਾਲਿਬਾਨੀ ਲੜਾਕਿਆਂ ਨੇ ਪਿਛਲੇ ਮਹੀਨੇ ਰਾਜਧਾਨੀ ਕਾਬੁਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। -ਪੀਟੀਆਈ