ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 12 ਫਰਵਰੀ
ਹਲਕਾ ਸੁਨਾਮ ਤੋਂ ਸੰਯੁਕਤ ਕਿਸਾਨ ਮੋਰਚਾ ਦੇ ਉਮੀਦਵਾਰ ਡਾ. ਅਮਰਜੀਤ ਸਿੰਘ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਵੋਟ ਪਾਉਣ ਤੋਂ ਪਹਿਲਾਂ 11 ਮਹੀਨੇ ਤੱਕ ਦਿਲੀ ਵਿਖੇ ਚੱਲੇ ਕਿਸਾਨੀ ਸੰਘਰਸ਼ ਨੂੰ ਯਾਦ ਜ਼ਰੂਰ ਕਰਨ। ਉਨ੍ਹਾਂ ਕਾਂਗਰਸ ਅਤੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ ਅੱਜ ਤੱਕ ਦੇਸ਼ ਨੂੰ ਲੁੱਟ ਕੇ ਹੀ ਖਾਧਾ ਹੈ। ਡਾ. ਮਾਨ ਵੱਲੋਂ ਆਪਣੇ ਸਾਥੀਆਂ ਅਤੇ ਹਿਮਾਇਤੀਆਂ ਸਮੇਤ ਇਲਾਕੇ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਤੇ ਲੱਗੇ ਹੋਏ ਹਨ।
ਘਨੌਰ (ਪੱਤਰ ਪ੍ਰੇਰਕ): ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਪ੍ਰੇਮ ਸਿੰਘ ਭੰਗੂ ਨੇ ਮੋਰਚੇ ਦੇ ਆਗੂਆਂ ਹਰੀ ਸਿੰਘ ਢੀਡਸਾਂ, ਹਰਬੰਸ ਸਿੰਘ ਘਨੌਰ ’ਤੇ ਅਧਾਰਿਤ ਟੀਮ ਨਾਲ ਪਿੰਡ ਕਾਮੀਂ ਖੁਰਦ, ਸ਼ੇਖੂਪੁਰ, ਸ਼ਾਹਪੁਰ, ਗਦਾਪੁਰ, ਖਲਾਸਪੁਰ, ਊਕਸੀ, ਹਰਪਾਲਾਂ, ਬਘੌਰਾ, ਮਾਜਰੀ ਫਕੀਰਾਂ ਅਤੇ ਮੰਡੌਲੀ ਵਿੱਚ ਚੋਣ ਲਾਮਬੰਦੀ ਮੀਟੰਗਾਂ ਕੀਤੀਆਂ। ਪਿੰਡ ਮੰਡੌਲੀ ਵਾਸੀਆਂ ਵੱਲੋਂ ਪ੍ਰੇਮ ਸਿੰਘ ਭੰਗੂ ਨੂੰ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਾਰੇ ਪੰਜਾਬ ਵਿੱਚ ਬਦਲਾਅ ਦੀ ਲਹਿਰ ਜ਼ੋਰਾਂ ֹ’ਤੇ ਹੈ। ਲੋਕ ਰਵਾਇਤੀ ਪਾਰਟੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਜਿਸ ਦਾ ਪੰਜਾਬ ਵਿਰੋਧੀ ਸਟੈਂਡ ਹੈ, ਨੂੰ ਨਕਾਰ ਰਹੇ ਹਨ।
ਅਲਾਲ ਦੀ ਚੋਣ ਮੁਹਿੰਮ ਬੀਕੇਯੂ ਰਾਜੇਵਾਲ ਤੇ ਗੰਨਾ ਕਮੇਟੀ ਦੇ ਆਗੂਆਂ ਨੇ ਸੰਭਾਲੀ
ਸ਼ੇਰਪੁਰ (ਪੱਤਰ ਪ੍ਰੇਰਕ): ਸੰਯੁਕਤ ਸਮਾਜ ਮੋਰਚੇ ਦੇ ਹਲਕਾ ਧੂਰੀ ਤੋਂ ਉਮੀਦਵਾਰ ਸਰਬਜੀਤ ਸਿੰਘ ਅਲਾਲ ਦੀ ਚੋਣ ਮੁਹਿੰਮ ਨੂੰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਗੰਨਾ ਕਮੇਟੀ ਦੇ ਆਗੂਆਂ ਨੇ ਪੂਰੀ ਤਰਾਂ ਸੰਭਾਲ ਲਿਆ। ਇਸ ਨਾਲ ਪਛੜ ਕੇ ਸ਼ੁਰੂ ਹੋਈ ਚੋਣ ਮੁਹਿੰਮ ਨੂੰ ਹੁਲਾਰਾ ਮਿਲਣ ਲੱਗਿਆ ਹੈ ਸ੍ਰੀ ਅਲਾਲ ਦੀ ਚੋਣ ਮੁਹਿੰਮ ਦੇ ਮੋਹਰੀ ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਆਗੂ ਬਲਵਿੰਦਰ ਜੱਖਲਾ, ਗੰਨਾ ਕਮੇਟੀ ਦੇ ਅਵਤਾਰ ਤਾਰੀ ਭੁੱਲਰਹੇੜੀ, ਪਰਮਜੀਤ ਸਿੰਘ ਬਰਨਾਲਾ ਆਦਿ ਰੂਟ ਬਣਾਏ ਜਾਣ ਤੋਂ ਲੈ ਕੇ ਪੂਰੀ ਕਾਰਵਾਈ ਦੀ ਖੁਦ ਨਿਗਰਾਨੀ ਕਰ ਰਹੇ ਹਨ। ਪਿੰਡ ਚਾਂਗਲੀ, ਕਲੇਰਾਂ, ਫਰਵਾਹੀ ਆਦਿ ਪਿੰਡਾਂ ਵਿੱਚ ਜਨਤਕ ਇਕੱਠਾਂ ਦੌਰਾਨ ਸ੍ਰੀ ਅਲਾਲ ਨੇ ਸੰਯੁਕਤ ਸਮਾਜ ਮੋਰਚੇ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।