ਰਮੇਸ਼ ਭਾਰਦਵਾਜ
ਲਹਿਰਾਗਾਗਾ, 12 ਫਰਵਰੀ
ਲਹਿਰਾਗਾਗਾ ਵਿਧਾਨ ਸਭਾ ਹਲਕੇ ’ਚ ਇਸ ਵਾਰ ਪੰਜਕੋਣਾ ਮੁਕਾਬਲਾ ਹੋਣ ਕਰਕੇ ਉਮੀਦਵਾਰਾਂ ’ਚ ਸਿਰ-ਧੜ ਦੀ ਬਾਜ਼ੀ ਲੱਗੀ ਹੋਈ ਹੈ। ਚਾਹੇ ਵਿਧਾਨ ਸਭਾ ਤੋਂ 10 ਉਮੀਦਵਾਰਾਂ ਨੇ ਨਾਮਜ਼ਦਗੀ ਦਾਖਲ ਕੀਤੀ ਸੀ ਪਰ ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਸਾਬਕਾ ਖਜ਼ਾਨਾ ਮੰਤਰੀ ਤੇ ਸੰਯੁਕਤ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ, ਅਕਾਲੀ ਦਲ-ਬਸਪਾ ਦੇ ਉਮੀਦਵਾਰ ਤੇ ਸਾਬਕਾ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ‘ਆਪ’ ਦੇ ਐਡਵੋਕੇਟ ਵਰਿੰਦਰ ਗੋਇਲ, ਸੰਯੁਕਤ ਕਿਸਾਨ ਸੰਘਰਸ਼ ਮੋਰਚਾ ਦੇ ਉਮੀਦਵਾਰ ਸਰਪੰਚ ਸਤਵੰਤ ਸਿੰਘ ਖੰਡੇਬਾਦ ਵਿਚਾਲੇ ਫਸਵਾਂ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਸਾਰੇ ਉਮੀਦਵਾਰਾਂ ਵੱਲੋਂ ਹਲਕੇ ਦੇ ਤਿੰਨ ਸ਼ਹਿਰਾਂ ਲਹਿਰਾਗਾਗਾ, ਮੂਨਕ ਤੇ ਖਨੌਰੀ ਅਤੇ ਪਿੰਡਾਂ ’ਚ ਚੋਣ ਪ੍ਰਚਾਰ ਸਿਖਰਾਂ ’ਤੇ ਹੋਣ ਕਰਕੇ ਗਲੀ-ਮੁਹੱਲਿਆਂ ’ਚ ਸ਼ੋਰ ਪਾਉਣ ਕਰਕੇ ਹਾਰ-ਜਿੱਤ ਲਈ ਸ਼ਰਤਾਂ ਲੱਗਣ ਲੱਗ ਪਈਆਂ ਹਨ। ਪੰਜੇ ਉਮੀਦਵਾਰਾਂ ਤੋਂ ਇਲਾਵਾ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸ਼ੇਰਾ ਸਿੰਘ ਮੂਨਕ ਅਤੇ ਆਜ਼ਾਦ ਉਮੀਦਵਾਰ ਆਪੋ-ਆਪਣੀ ਡੁੱਗਡੱਗੀ ਵਜਾ ਰਹੇ ਹਨ।
ਕਾਂਗਰਸ ਦੀ ਉਮੀਦਵਾਰ ਬੀਬੀ ਰਾਜਿੰਦਰ ਕੌਰ ਭੱਠਲ ਆਖਰੀ ਚੋਣ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਜਿਤਾਉਣ ਲਈ ਪ੍ਰੇਰਦੇ ਹਨ। ‘ਆਪ’ ਉਮੀਦਵਾਰ ਐਡਵੋਕੇਟ ਵਰਿੰਦਰ ਗੋਇਲ ਨੇ ਰੁੱਸੇ ਕਾਰਕੁਨਾਂ ਨੂੰ ਮਨਾ ਕੇ ਚੋਣ ਮੁਹਿੰਮ ਭਖਾ ਲਈ ਹੈ। ਸੰਯੁਕਤ ਕਿਸ਼ਾਨ ਸੰਘਰਸ਼ ਮੋਰਚਾ ਦਾ ਬਹੁਤਾ ਅਸਰ ਸ਼ਹਿਰਾਂ ਦੀ ਬਜਾਏ ਪਿੰਡਾਂ ’ਚ ਵਧੇਰੇ ਹੋਣ ਕਰਕੇ ਪ੍ਰਚਾਰ ਵੀ ਪਿੰਡਾਂ ਤੱਕ ਸੀਮਤ ਹੈ।