ਮੰਗਲੂਰੂ, 12 ਫਰਵਰੀ
ਉਡੁਪੀ ਤੋਂ ਭਾਜਪਾ ਵਿਧਾਇਕ ਕੇ ਰਘੂਪਤੀ ਭੱਟ ਨੇ ਦਾਅਵਾ ਕੀਤਾ ਹੈ ਕਿ ਹਿਜਾਬ ਵਿਵਾਦ ਮਗਰੋਂ ਉਸ ਨੂੰ ਕੁਝ ਅਣਪਛਾਤੇ ਵਿਅਕਤੀਆਂ ਤੋਂ ਧਮਕੀਆਂ ਮਿਲੀਆਂ ਹਨ। ਉਡੁਪੀ ਦੇ ਮਹਿਲਾ ਪ੍ਰੀ-ਯੂਨੀਵਰਸਿਟੀ ਕਾਲਜ ਦੀ ਵਿਕਾਸ ਕਮੇਟੀ ਦੇ ਪ੍ਰਧਾਨ ਭੱਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੂੰ ਵਿਦੇਸ਼ ਤੋਂ ਇੰਟਰਨੈੱਟ ਰਾਹੀਂ ਆਈਆਂ ਕਾਲਾਂ ’ਤੇ ਧਮਕੀਆਂ ਦਿੱਤੀਆਂ ਗਈਆਂ ਹਨ। ਵਿਧਾਇਕ ਨੇ ਕਿਹਾ ਕਿ ਉਸ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਹਿਜਾਬ ਮੁੱਦੇ ਨੂੰ ਹੋਰ ਭਖਾਇਆ ਤਾਂ ਉਸ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਉਸ ਨੂੰ ਸਥਾਨਕ ਨੰਬਰਾਂ ਤੋਂ ਵੀ ਕਈ ਧਮਕੀਆਂ ਮਿਲੀਆਂ ਹਨ ਜਿਨ੍ਹਾਂ ਦੀ ਜਾਣਕਾਰੀ ਸੂਬੇ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੂੰ ਦੇ ਦਿੱਤੀ ਗਈ ਹੈ। ਵਿਧਾਇਕ ਨੇ ਕਿਹਾ ਕਿ ਪਹਿਲਾਂ ਵੀ ਉਸ ਨੂੰ ਅਜਿਹੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ ਅਤੇ ਉਹ ਡਰਨ ਵਾਲਾ ਨਹੀਂ ਹੈ। ਭੱਟ ਨੇ ਦਾਅਵਾ ਕੀਤਾ ਕਿ ਉਡੁਪੀ ਦੇ ਮੁਸਲਮਾਨ ਉਸ ਨਾਲ ਹਨ ਅਤੇ ਜ਼ਿਲ੍ਹੇ ਦੇ ਕਾਜ਼ੀ ਨੇ ਹਿਜਾਬ ਮੁੱਦੇ ’ਤੇ ਆਪਣੀ ਹਮਾਇਤ ਦਿੱਤੀ ਹੈ। ਉਸ ਨੇ ਕਿਹਾ ਕਿ ਉਡੁਪੀ ਦੇ ਪੀਯੂ ਕਾਲਜ ’ਚ ਹਿਜਾਬ ਪਹਿਨਣ ਲਈ ਬਜ਼ਿਦ ਛੇ ਵਿਦਿਆਰਥਣਾਂ ਨੂੰ ਕੁਝ ਅਨਸਰਾਂ ਨੇ ਗੁਮਰਾਹ ਕੀਤਾ ਹੈ। -ਪੀਟੀਆਈ