ਵਾਸ਼ਿੰਗਟਨ, 27 ਅਪਰੈਲ
ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਦੀ ਅਗਵਾਈ ’ਚ ਇਕ ਭਾਰਤੀ ਵਫ਼ਦ ਅਮਰੀਕਾ ਦੇ ਦੌਰੇ ਉਤੇ ਹੈ ਜੋ ਕਿ ਉੱਥੇ ਦੋਵਾਂ ਮੁਲਕਾਂ ਦਰਮਿਆਨ ਸਿੱਖਿਆ ਦੇ ਖੇਤਰ ਵਿਚ ਭਾਈਵਾਲੀ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ। ਦੱਸਣਯੋਗ ਹੈ ਕਿ ਭਾਰਤ-ਅਮਰੀਕਾ ਦੀ 2+2 ਮੰਤਰੀ ਪੱਧਰ ਦੀ ਬੈਠਕ ਮੌਕੇ ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਖੇਤਰ ਵਿਚ ਸਹਿਯੋਗ ਕਰਨ ਉਤੇ ਸਹਿਮਤੀ ਬਣੀ ਸੀ। ਪ੍ਰਭੂ ਜੋ ਕਿ ਹਰਿਆਣਾ ਦੀ ਰਿਸ਼ੀਹੁੱਡ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨੇ ਅਮਰੀਕਾ ਦੇ ਕਈ ਸ਼ਹਿਰਾਂ ਦਾ ਦੌਰਾ ਕੀਤਾ ਹੈ। ਇਨ੍ਹਾਂ ਵਿਚ ਬੋਸਟਨ, ਨਿਊਯਾਰਕ, ਸ਼ਿਕਾਗੋ ਸ਼ਾਮਲ ਹਨ। ਉਨ੍ਹਾਂ ਕਈ ਕਾਰੋਬਾਰੀ ਆਗੂਆਂ, ਅਕਾਦਮਿਕ ਮਾਹਿਰਾਂ ਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਹੈ। ਸੁਰੇਸ਼ ਪ੍ਰਭੂ ਨੇ ਉਨ੍ਹਾਂ ਨੂੰ ਭਾਰਤ ਦੇ ਉਭਾਰ ਬਾਰੇ ਜਾਗਰੂਕ ਕੀਤਾ ਹੈ ਤੇ ਅਗਲੀ ਪੀੜ੍ਹੀ ਨੂੰ ਤਿਆਰ ਕਰਨ ਵਿਚ ਸਿੱਖਿਆ ਦੇ ਮਹੱਤਵ ਉਤੇ ਚਰਚਾ ਵੀ ਕੀਤੀ ਹੈ। ਇਹ ਵਫ਼ਦ ਅਮਰੀਕੀ ਯੂਨੀਵਰਸਿਟੀਆਂ ਨਾਲ ਸਮੈਸਟਰ ਐਕਸਚੇਂਜ ਪ੍ਰੋਗਰਾਮ ਤਹਿਤ ਭਾਈਵਾਲੀ ਪਾ ਰਿਹਾ ਹੈ। -ਪੀਟੀਆਈ