ਖੇਤਰੀ ਪ੍ਰਤੀਨਿਧ
ਪਟਿਆਲਾ, 29 ਜੁਲਾਈ
ਮਾਲ ਅਤੇ ਨਹਿਰੀ ਪਟਵਾਰੀਆਂ ਸਮੇਤ ਮਾਲ ਤੇ ਨਹਿਰੀ ਕਾਨੂੰਗੋਆਂ ਨੇ ਅੱਜ ਇਥੇ ਆਪਣੀਆਂ ਮੰਗਾਂ ਨੂੰ ਅਣਗੌਲਿਆਂ ਕਰਨ ’ਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਰਦਸ਼ਨ ਕੀਤਾ। ਭਾਵੇਂ ਕਿ ਇਹ ਪਟਵਾਰੀ ਅਤੇ ਕਾਨੂੰਗੋ ਅੱਜ ਇਥੇ ਹੋਈ ਮੁਲਾਜ਼ਮਾਂ ਦੀ ਮਹਾਂ ਰੈਲੀ ਵਿਚ ਸ਼ਾਮਲ ਹੋਣ ਲਈ ਹੀ ਇਕੱਤਰ ਹੋਏ ਸਨ। ਪਰ ਇਸ ਮਹਾਂ ਰੈਲੀ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਵੱਖਰੇ ਤੌਰ ’ਤੇ ਇਕੱਤਰਤਾ ਕਰਕੇ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਿਸ ਮਗਰੋਂ ਉਹ ਰੋਸ ਮਾਰਚ ਕਰਦੇ ਹੋਏ ਮਹਾਂ ਰੈਲੀ ਵਾਲੇ ਸਥਾਨ ਅਨਾਜ ਮੰਡੀ ਵਿੱਚ ਪੁੱਜੇ। ਇਸ ਮੌਕੇ ਪਟਵਾਰ ਯੂਨੀਅਨ ਦੇ ਸੂਬਾਈ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਜ਼ਿਲ੍ਹਾ ਗੁਰਮੁਖ ਸਿੰਘ ਖੈਰਪੁਰੀ, ਤਹਿਸੀਲ ਪ੍ਰਧਾਨ ਟਹਿਲ ਸਿੰਘ ਮੱਲੇਵਾਲ, ਨਹਿਰੀ ਪਟਵਾਰ ਯੂਨੀਅਨ ਦੇ ਸੂਬਾਈ ਪ੍ਰਧਾਨ ਜਗਵਿਦਰ ਸਿੰਘ ਜਵੰਧਾ, ਕਾਨੂੰਨ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਮੋਹਣ ਸਿੰਘ ਭੇਡਪੁਰਾ ਤੇ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਰਾਏ ਸਮੇਤ ਹੋਰ ਆਗੂ ਵੀ ਮੌਜੂਦ ਸਨ।