ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਸਤੰਬਰ
ਚਾਰ ਦਿਨਾਂ ਤੋਂ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਚੱਲ ਰਹੇ ਗੱਲਾ ਮਜ਼ਦੂਰਾਂ ਨੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਦਿੱਤਾ। ਇਸ ਰਾਹੀਂ ਮੰਡੀਆਂ ’ਚ ਕੰਮ ਕਰਦੇ ਗੱਲਾ ਮਜ਼ਦੂਰਾਂ ਨੇ ਦਹਾਕਿਆਂ ਤੋਂ ਚੱਲੇ ਆਉਂਦੇ ਘੱਟ ਮਿਹਨਤਾਨੇ ਦਾ ਮੁੱਦਾ ਉਭਾਰਿਆ। ਉਨ੍ਹਾਂ ਮੰਗ ਕੀਤੀ ਕਿ ਪਿਛਲੇ ਸਾਲਾਂ ’ਚ ਵਧੀ ਮਹਿੰਗਾਈ ਕਰਕੇ ਉਨ੍ਹਾਂ ਦੀ ਮਜ਼ਦੂਰੀ ’ਚ ਵੀ ਸਰਕਾਰ ਵਾਧਾ ਕਰੇ। ਇਸ ਤੋਂ ਇਲਾਵਾ ਹਾੜ੍ਹੀ ਤੇ ਸਾਉਣੀ ਦੇ ਸੀਜ਼ਨ ’ਚ ਮਜ਼ਦੂਰਾਂ ਤੋਂ ਸ਼ਾਰਟੇਜ ਦੇ ਨਾਂ ’ਤੇ ਕਾਟ ਕੱਟਣ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਗੱਲਾ ਮਜ਼ਦੂਰਾਂ ਦੇ ਮਿਹਨਤਾਨੇ ’ਚ 7 ਪੈਸੇ ਪ੍ਰਤੀ ਨਗ਼ ਦਾ ਵਾਧਾ ਕਰ ਕੇ ਕੋਝਾ ਮਜ਼ਾਕ ਕੀਤਾ ਹੈ। ਇਹ ਵਾਧਾ ਘੱਟੋ-ਘੱਟ 25 ਫ਼ੀਸਦ ਦੇ ਹਿਸਾਬ ਨਾਲ ਕੀਤਾ ਜਾਵੇ। ਵਿਧਾਇਕ ਮਾਣੂੰਕੇ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੰਗ ਪੱਤਰ ਸਰਕਾਰ ਤੱਕ ਪਹੁੰਚਦਾ ਕੀਤਾ ਜਾਵੇਗਾ।
ਇਸ ਮੌਕੇ ਵਿਧਾਇਕਾ ਨੂੰ ਮੰਗ ਪੱਤਰ ਦੇਣ ਵਾਲਿਆਂ ਵਿੱਚ ਪ੍ਰਧਾਨ ਵਿਸਾਖਾ ਸਿੰਘ, ਚੇਅਰਮੈਨ ਰਾਜਪਾਲ ਪਾਲਾ, ਦੇਵਰਾਜ ਸਿੰਘ, ਇੰਦਰਜੀਤ ਧਾਲੀਵਾਲ, ਜਗਤਾਰ ਸਿੰਘ ਤਾਰੀ, ਜਸਪਾਲ ਸਿੰਘ, ਦਰਸ਼ਨ ਸਿੰਘ ਬਿੱਟੂ ਤੇ ਗੁਰਮੀਤ ਸਿੰਘ ਸ਼ਾਮਲ ਸਨ।