ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 20 ਸਤੰਬਰ
ਇਥੇ ਪਿੰਡ ਮੱਲੂਨੰਗਲ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਨੇ ਫੂਡ ਸਪਲਾਈ ਦੇ ਜ਼ਿਲ੍ਹਾ ਅਧਿਕਾਰੀ ਦਾ ਪੁਤਲਾ ਫੂਕਿਆ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਪਿੰਡ ਮੱਲੂਨੰਗਲ ਦੀ ਸਪਲਾਈ ਪਿੰਡ ਰਾਣੇਵਾਲੀ ਦੇ ਡਿੱਪੂ ਹੋਲਡਰ ਦਿਲਬਾਗ ਸਿੰਘ ਨੂੰ ਦਿੱਤੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਡਿੱਪੂ ਹੋਲਡਰ ਨੇ ਪਿੰਡ ਮੱਲੂਨੰਗਲ ਦੇ ਲਾਭਪਾਤਰੀਆ ਦੀਆਂ ਹਰ ਵਾਰ ਪਰਚੀਆ ਦੇਰੀ ਨਾਲ ਕੱਟੀਆਂ ਹਨ ਅਤੇ ਜਿਹੜੀਆਂ ਪਰਚੀਆਂ ਦੋ ਦਿਨ ਤੋਂ ਕੱਟ ਰਿਹਾ ਹੈ, ਉਹ ਕੰਪਿਊਟਰ ਵਾਲੀ ਪਰਚੀ ਨਹੀਂ ਅਤੇ ਹੱਥ ਵਾਲੀ ਪਰਚੀ ਕਿਸੇ ਦੀ ਇੱਕ ਜੀਅ ਦੀ ਅਤੇ ਕਿਸੇ ਦੇ ਦੋ ਜੀਆਂ ਦੀ ਘੱਟ ਕੱਟ ਰਿਹਾ ਹੈ। ਇਸ ਦੇ ਵਿਰੋਧ ਵਿੱਚ ਮਜ਼ਦੂਰ ਜਥੇਬੰਦੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਨੇ ਭਲਕੇ ਜ਼ਿਲ੍ਹਾ ਫੂਡ ਅਧਕਾਰੀ ਦੇ ਦਫ਼ਤਰ ਦਾ ਅਣਮਿਥੇ ਸਮੇਂ ਲਈ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਹੈ। ਉੱਧਰ ਪਿੰਡ ਮੱਲੂਨੰਗਲ ਦੀ ਨਿਗਰਾਨ ਕਮੇਟੀ ਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਅੰਗਰੇਜ਼ ਸਿੰਘ, ਜ਼ੋਨ ਇੰਚਾਰਜ, ਬਲਦੇਵ ਸਿੰਘ, ਗੁਰਲਾਲ ਸਿੰਘ, ਗੁਰਪਾਲ ਸਿੰਘ, ਰਾਜਬੀਰ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ ਨੰਬਰਦਾਰ, ਗੁਰਨਾਮ ਸਿੰਘ ਨੰਬਰਦਾਰ ਆਦਿ ਨੇ ਦੱਸਿਆ ਕਿ ਸਾਰੀਆਂ ਪਾਰਟੀਆਂ ਦੀ ਸਹਿਮਤੀ ਦੇ ਨਾਲ ਡਿੱਪੂ ਹੋਲਡਰ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਕਣਕ ਦੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਸਨ ਪਰ ਪਿੰਡ ਦੇ ਹੀ ਕੁਝ ਅਖੌਤੀ ਆਗੂ ਡਿੱਪੂ ਹੋਲਡਰ ਨੂੰ ਆਪਣੀ ਮਨ ਮਰਜ਼ੀ ਨਾਲ ਕੰਮ ਕਰਵਾਉਣ ਲਈ ਕਹਿ ਰਹੇ ਹਨ ਜੋ ਕਿ ਬਰਦਾਸ਼ਤ ਨਹੀਂ ਹੋਵੇਗਾ।
ਡਿੱਪੂ ਹੋਲਡਰ ਨੇ ਦੋਸ਼ ਨਕਾਰੇ
ਡਿੱਪੂ ਹੋਲਡਰ ਦਿਲਬਾਗ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਰਚੀਆਂ ਕੱਟਣ ਦਾ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ। ਕੁਝ ਬੰਦਿਆਂ ਦੀ ਪਿੰਡ ਵਿੱਚ ਆਪਸੀ ਖਿੱਚੋਤਾਣ ਹੋਣ ਕਾਰਨ ਉਨ੍ਹਾਂ ਉੱਤੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਫੂਡ ਸਪਲਾਈ ਇੰਸਪੈਕਟਰ ਸੁਮਿਤ ਪ੍ਰਭਾਕਰ ਨੇ ਕਿਹਾ ਕਿ ਜਿਨ੍ਹਾਂ ਲਾਭਪਾਤਰੀਆਂ ਦੀਆਂ ਪਰਚੀਆਂ ਕੱਟੀਆਂ ਗਈਆਂ ਹਨ ਉਨ੍ਹਾਂ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਕਣਕ ਵੰਡੀ ਜਾਵੇਗੀ।