ਕਾਬੁਲ: ਤਾਲਿਬਾਨ ਨੁਮਾਇੰਦੇ ਦੀ ਇੰਟਰਵਿਊ ਕਰ ਕੇ ਮਿਸਾਲ ਕਾਇਮ ਕਰਨ ਵਾਲੀ ‘ਟੋਲੋ ਨਿਊਜ਼’ ਦੀ ਮਹਿਲਾ ਪੱਤਰਕਾਰ ਨੇ ਅਫ਼ਗਾਨਿਸਤਾਨ ਛੱਡ ਦਿੱਤਾ ਹੈ। ਉਸ ਨੇ ਇਹ ਫ਼ੈਸਲਾ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਉਤੇ ਕਾਬਜ਼ ਹੋਣ ਤੋਂ ਬਾਅਦ ਲਿਆ ਹੈ। ਸੀਐੱਨਐੱਨ ਦੀ ਇਕ ਰਿਪੋਰਟ ਮੁਤਾਬਕ ਬਹਿਸ਼ਤਾ ਅਰਘੰਦ ਨੇ ਉਹ ਕਰ ਦਿਖਾਇਆ ਸੀ ਜੋ ਹੋਰ ਕਰਨ ਤੋਂ ਝਿਜਕਦੇ ਸਨ। ਉਸ ਨੇ ਤਾਲਿਬਾਨ ਦੇ ਪ੍ਰਤੀਨਿਧੀ ਤੇ ਤਾਲਿਬਾਨ ਦਾ ਹਮਲਾ ਝੱਲਣ ਵਾਲੀ ਮਲਾਲਾ ਯੂਸਫ਼ਜ਼ਈ ਦੀ ਇੰਟਵਿਊ ਵੀ ਕੀਤੀ। ਤਾਲਿਬਾਨ ਵੱਲੋਂ ਭਾਵੇਂ ਔਰਤਾਂ ਨੂੰ ਸੁਰੱਖਿਅਤ ਮਾਹੌਲ ਤੇ ਹੱਕ ਦੇਣ ਦਾ ਵਾਅਦਾ ਕੀਤਾ ਗਿਆ ਹੈ ਪਰ ਲੋਕ ਯਕੀਨ ਨਹੀਂ ਕਰ ਰਹੇ ਹਨ। ਤਾਲਿਬਾਨ ਨੇ ਔਰਤਾਂ ਨੂੰ ‘ਇਸਮਾਲਿਕ ਕਾਨੂੰਨਾਂ ਦੇ ਦਾਇਰੇ’ ਵਿਚ ਹੀ ਕੰਮ ਕਰਨ ਦੀ ਇਜਾਜ਼ਤ ਦੇਣ ਬਾਰੇ ਕਿਹਾ ਹੈ। ਇਸ ਤੋਂ ਇਲਾਵਾ ਅਫ਼ਗਾਨਿਸਤਾਨ ਵਿਚ ਪ੍ਰੈੱਸ ਦੀ ਆਜ਼ਾਦੀ ਬਾਰੇ ਵੀ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। -ਟਨਸ