ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ) 25 ਮਈ
ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਵਿੱਚ ਸਾਹਿਤਕ ਸੱਥ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਭਾਸ਼ਾ ਵਿਭਾਗ ਦੀ ਜੁਆਇੰਟ ਡਾਇਰੈਕਟਰ ਵੀਰਪਾਲ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਅਤੇ ਗਦਰ ਕਵਿਤਾ ਦਾ ਆਜ਼ਾਦੀ ਸੰਗਰਾਮ ਦੇ ਵਿਚ ਪਾਏ ਗਏ ਯੋਗਦਾਨ ਬਾਰੇ ਚਾਨਣਾ ਪਾਇਆ। ਵੀਰਪਾਲ ਕੌਰ ਵੱਲੋਂ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਦਿਆਂ ਛੋਟੀ ਉਮਰੇ ਉਨ੍ਹਾਂ ਦੀ ਆਜ਼ਾਦੀ ਲਈ ਘਾਲਣਾ ਅਤੇ ਗਦਰ ਲਹਿਰ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਜ਼ਿਲ੍ਹਾ ਖੋਜ ਅਫ਼ਸਰ ਦਰਸ਼ਨ ਕੌਰ ਅਤੇ ਇੰਸਟ੍ਰਕਟਰ ਜਤਿੰਦਰਪਾਲ ਸਿੰਘ ਨੇ ਵੀ ਵਿਚਾਰ ਰੱਖੇ। ਸਾਹਿਤਕ ਸੱਥ ਦੇ ਮੈਂਬਰਾਂ ਸ਼ਿਫ਼ਾਲੀ ਸ਼ਰਮਾ, ਮਨਪ੍ਰੀਤ ਕੌਰ, ਗੁਰਦੀਪ ਕੌਰ, ਮਨਵਿੰਦਰ ਸਿੰਘ, ਰਾਕੇਸ਼ ਕੁਮਾਰ, ਸਿਮਰਨਪ੍ਰੀਤ ਕੌਰ, ਹਰਸਿਮਰਨ ਸਿੰਘ, ਹਰਮਨ ਸਿੰਘ, ਨਵਜੀਤ ਸਿੰਘ ਅਤੇ ਜਗਦੀਪ ਕੌਰ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
ਕਮਿਊਨਿਟੀ ਸੈਂਟਰ ਦਾ ਨਾਮ ਸ਼ਹੀਦ ਦੇ ਨਾਂ ’ਤੇ ਰੱਖਿਆ
ਪੰਚਕੂਲਾ (ਪੱਤਰ ਪ੍ਰੇਰਕ): ਸੈਕਟਰ-12 ਸਥਿਤ ਕਮਿਊਨਿਟੀ ਸੈਂਟਰ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਿਆ ਗਿਆ। ਇਸ ਗੱਲ ਦਾ ਪ੍ਰਗਟਾਵਾ ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਕਮਿਊਨਿਟੀ ਸੈਂਟਰ ਵਿੱਚ ਰੱਖੇ ਇੱਕ ਸਮਾਗਮ ਦੌਰਾਨ ਕੀਤਾ। ਮੁੱਖ ਮਹਿਮਾਨ ਗੁਪਤਾ ਨੇ ਕਿਹਾ ਕਿ ਪੰਚਕੂਲਾ ਦੇ ਸਾਰੇ ਕਮਿਊਨਿਟੀ ਸੈਂਟਰਾਂ ਦੇ ਨਾਂ ਸ਼ਹੀਦਾਂ ਦੇ ਨਾਂ ਉੱਤੇ ਰੱਖੇ ਜਾਣਗੇ। ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਉੱਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਸ਼ਹੀਦ ਦੇ ਨਾਂ ’ਤੇ ਕਮਿਊਨਿਟੀ ਸੈਂਟਰ ਦਾ ਨਾਂ ਰੱਖਿਆ ਜਾਵੇਗਾ, ਉੱਥੇ ਸ਼ਹੀਦਾਂ ਦੇ ਬੁੱਤ ਵੀ ਲਗਾਏ ਜਾਣਗੇ।