ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 26 ਅਪਰੈਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹੂੰਣ ਦੇ ਸਟਾਫ ਵੱਲੋਂ ਸਕੂਲ ਮੁਖੀ ਹਰਵਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਸੁੱਧਾ ਮਾਜਰਾ, ਗਹੂੰਣ, ਲੋਹਟਾਂ, ਨਿਊ ਕਲੋਨੀ ਰੱਕੜਾਂ ਬੇਟ, ਰੱਕੜਾਂ ਬੇਟ, ਬੂਥਗੜ੍ਹ ਅਤੇ ਲੋਹਗੜ੍ਹ ਆਦਿ ਪਿੰਡਾਂ ਵਿੱਚ ਸਕੂਲ ’ਚ ਦਾਖ਼ਲਿਆਂ ਸਬੰਧੀ ਮੁਹਿੰਮ ਚਲਾਈ ਜਾ ਰਹੀ ਹੈ
ਪਿੰਡ ਸੁੱਧਾ ਮਾਜਰਾ ਵਿਚ ਸਕੂਲ ਦੇ ਨੌਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹੂੰਣ ਵਿਚ ਪੜ੍ਹਾਈ ਸਬੰਧੀ ਗਤੀਵਿਧੀਆਂ ਸਬੰਧੀ, ਸਕੂਲ ਸਟਾਫ ਦੀ ਮਿਹਨਤ, ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ, ਐਜੂਕੇਸ਼ਨਲ ਪਾਰਕ, ਸਮਾਰਟ ਕਲਾਸ ਰੂਮਜ਼ ਅਤੇ ਸਮਾਰਟ ਕੰਪਿਊਟਰ ਲੈਬਜ਼ ਸਬੰਧੀ ਨਾਟਕ ਖੇਡਿਆ ਗਿਆ। ਇਸ ਮੌਕੇ ਸਕੂਲ ਮੁਖੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਤਜਰਬੇਕਾਰ ਅਤੇ ਮਿਹਨਤੀ ਅਧਿਆਪਕਾਂ ਵਲੋਂ ਗੁਣਵੱਤਾ ਭਰਪੂਰ ਸਿੱਖਿਆ ਦਿੱਤੀ ਜਾ ਰਹੀ ਹੈ। ਸਰਕਾਰ ਵੱਲੋਂ ਮੁਫ਼ਤ ਕਿਤਾਬਾਂ, ਵਰਦੀਆਂ ਅਤੇ ਵਜ਼ੀਫਿਆਂ ਦੇ ਨਾਲ-ਨਾਲ ਮਿਡ-ਡੇਅ ਮੀਲ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੀ ਲੁੱਟ ਤੋਂ ਬਚਣ ਹਿਤ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣਾ ਚਾਹੀਦਾ ਹੈ।