ਕਰਮਜੀਤ ਸਿੰਘ ਚਿੱਲਾ
ਬਨੂੜ, 22 ਸਤੰਬਰ
ਪਿੰਡ ਖਲੌਰ ਵਿੱਚ ਕਿਸਾਨ ਸੰਘਰਸ਼ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਕਿਸਾਨ ਯੂਨੀਅਨ ਚੜੂਨੀ ਗਰੁੱਪ ਦੇ ਸਰਕਲ ਬਨੂੜ ਦੇ ਪ੍ਰਧਾਨ ਨੰਬਰਦਾਰ ਸਤਨਾਮ ਸਿੰਘ ਸੱਤਾ ਖਲੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਟੂਰਨਾਮੈਂਟ ’ਚ ਅੰਡਰ-21 ਉਮਰ ਵਰਗ ਦੀਆਂ 10 ਕਬੱਡੀ ਟੀਮਾਂ ਨੇ ਸ਼ਿਰਕਤ ਕੀਤੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕੀਤੀ।
ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਚੜੂਨੀ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਵੀ ਕਿਸਾਨਾਂ ਨਾਲ ਦਸ ਮਹੀਨਿਆਂ ਤੋਂ ਖੇਡ ਖੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹੱਕ-ਸੱਚ ਤੇ ਇਨਸਾਫ਼ ਦੀ ਲੜਾਈ ਲੜ ਰਹੇ ਤੇ ਸੜਕਾਂ ਉੱਤੇ ਲੜ੍ਹੇ ਜਾ ਰਹੇ ਸੰਘਰਸ਼ ਵਿੱਚ ਜਿੱਤ ਕਿਸਾਨਾਂ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜਿੰਨੀਆਂ ਮਰਜ਼ੀ ਕੁਰਬਾਨੀਆਂ ਕਰਨੀਆਂ ਪੈਣ ਅਤੇ ਸੰਘਰਸ਼ ਜਿੰਨਾ ਮਰਜ਼ੀ ਲੰਮਾ ਲੜਨਾ ਪਵੇ ਪਰ ਜਿੱਤ ਕਿਸਾਨਾਂ ਦੀ ਹੋਵੇਗੀ ਅਤੇ ਖੇਤੀ ਕਾਨੂੰਨ ਹਰ ਹਾਲਤ ਵਿੱਚ ਰੱਦ ਹੋਣਗੇ। ਟੂਰਨਾਮੈਂਟ ਦਾ ਉਦਘਾਟਨ ਬਾਬਾ ਦਿਲਬਾਗ ਸਿੰਘ ਬਾਘਾ ਨੇ ਕੀਤਾ। ਸਤਨਾਮ ਸਿੰਘ ਸੱਤਾ, ਗੁਰਮੇਜਰ ਗੁਰਨਾਖੇੜੀ ਤੇ ਹੋਰ ਪ੍ਰਬੰਧਕਾਂ ਨੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ।