ਪ੍ਰਭੂ ਦਿਆਲ
ਸਿਰਸਾ, 13 ਜਨਵਰੀ
ਹਰਿਆਣਾ ’ਚ ਭਾਵੇਂ ਐਸਮਾ ਲਾਗੂ ਕਰਨ ਦਾ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਵੱਲੋਂ ਐਲਾਨ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਡਾਕਟਰ ਆਪਣੀਆਂ ਮੰਗਾਂ ਲਈ 14 ਜਨਵਰੀ ਨੂੰ ਹੜਤਾਲ ਕਰਨ ਲਈ ਬਜ਼ਿੱਦ ਹਨ। ਡਾਕਟਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਹੜਤਾਲ ਜ਼ਰੂਰ ਕਰਨਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਡਾਕਟਰਾਂ ਦੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਸਰਕਾਰ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ। ਉਧਰ ਸਿਰਸਾ ਦੇ ਸੀਐੱਮਓ ਮੁਨੀਸ਼ ਬਾਂਸਲ ਨੇ ਦੱਸਿਆ ਹੈ ਕਿ ਕਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਡਾਕਟਰਾਂ ਨੂੰ ਆਪਣੀ ਪ੍ਰਸਤਾਵਿਤ ਹੜਤਾਲ ਵਾਪਸ ਲੈ ਲੈਣੀ ਚਾਹੀਦੀ ਹੈ। ਹਰਿਆਣਾ ਵਿੱਚ ਐਸਮਾ ਲਾਗੂ ਹੋਣ ਬਾਰੇ ਡਾਕਟਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।