ਖੇਤਰੀ ਪ੍ਰਤੀਨਿਧ
ਪਟਿਆਲਾ, 30 ਅਗਸਤ
ਪੌਣੇ ਤਿੰਨ ਮਹੀਨਿਆਂ ਤੋਂ ਇਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਨੇੜੇ ਸਥਿਤ ਬੱਸ ਸਟੈਂਡ ’ਤੇ ਧਰਨਾ ਮਾਰ ਕੇ ਬੈਠੇ ਐਨਐਸਕਿਊਐਫ ਵੋਕੇਸ਼ਨਲ ਅਧਿਆਪਕਾਂ ਨੇ ਅੱਜ ਇਥੇ ਸਰਹਿੰਦ ਰੋਡ ’ਤੇ ਸਥਿਤ ਦੁੂਖਨਿਵਾਰਨ ਸਾਹਿਬ ਚੌਕ ’ਚ ਧਰਨਾ ਮਾਰ ਕੇ ਆਵਾਜਾਈ ਠੱਪ ਕੀਤੀ। ਇਸ ਕਾਰਨ ਸਰਹਿੰਦ ਰਾਹੀਂ ਅਗਲੇ ਰੂਟਾਂ ’ਤੇ ਜਾਣ ਵਾਲ਼ੀਆਂ ਬੱਸਾਂ ਅਤੇ ਹੋਰ ਵਾਹਨਾਂ ਲਈ ਪੁਲੀਸ ਨੂੰ ਬਦਲਵੇਂ ਰਸਤਿਆਂ ਦਾ ਪ੍ਰਬੰਧ ਕਰਨਾ ਪਿਆ।
ਇਸ ਪੱਕੇ ਮੋਰਚੇ ਅਤੇ ਧਰਨੇ ਦੀ ਅਗਵਾਈ ਕਰ ਰਹੇ ਯੂਨੀਅਨ ਦੇ ਸੂਬਾਈ ਪ੍ਰਧਾਨ ਰਾਏਸਾਹਿਬ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਸਰਕਾਰੀ ਸਕੂਲਾਂ ਵਿੱਚੋਂ ਕੰਪਨੀਆਂ ਨੂੰ ਬਾਹਰ ਕੱਢਣ ਅਤੇ ਐਨਐਸਕਿਊਐਫ ਅਧਿਆਪਕਾਂ ਨੂੰ ਬਰਾਬਰ ਕੰਮ ਦੇ ਆਧਾਰ ’ਤੇ ਚਾਲ਼ੀ ਹਜ਼ਾਰ ਤਨਖਾਹ ਦੇਣ ਦੀ ਮੰਗ ਨੂੰ ਲੈ ਕੇ ਇਹ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੰਘਰਸ਼ ਦੌਰਾਨ ਜ਼ਿਲ੍ਹਾ ਪ੍ਰਸਾਸਨ ਵੱਲੋਂ ਸਰਕਾਰੀ ਨੁਮਾਇੰਦਿਆਂ ਨਾਲ਼ ਕਰਵਾਈਆਂ ਗਈਆਂ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰੀ ਰੋਸ ਹੈ ਤੇ ਅਗਲੇ ਦਿਨਾ ’ਚ ਉਹ ਨਿਵੇਕਲਾ ਅਤੇ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।