ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 30 ਅਗਸਤ
ਪੰਜਾਬ ਦੇ ਜਲ ਸਪਲਾਈ ਤੇ ਟ੍ਰਾਂਸਪੋਰਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੇ ਸਥਾਨਕ ਗੁਰਦੁਆਰਾ ਹਾਅ ਦਾ ਨਾਅਰਾ ਵਿਖੇ ਬਣਾਏ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਯਾਤਰੀ ਘਰ ਦਾ ਉਦਘਾਟਨ ਕਰਨ ਮੌਕੇ ਕਿਹਾ ਕਿ ਗੁਰਦੁਆਰੇ ਅੱਗਿਉਂ ਲੰਘਦੀ ਮੁੱਖ ਸੜਕ ‘ਤੇ ਟਰੱਕ ਯੁੂਨੀਅਨ ਚੌਕ ਤੋਂ ਗਰੇਵਾਲ ਚੌਕ ਤੱਕ ਲੋਹੇ ਦੀ ਗਰਿੱਲ ਲਗਾ ਕੇ ਜਿਥੇ ਡਿਵਾਈਡਰ ਬਣਾਇਆ ਜਾਵੇਗਾ ਉਥੇ ਗੁਰਦੁਆਰੇ ਨੇੜੇ ਸੜਕ ਉਪਰ ਲੋਹੇ ਦਾ ਪੁਲ ਵੀ ਉਸਾਰਿਆ ਜਾਵੇਗਾ। ਮੈਡਮ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਡਿਵਾਈਡਰ ਅਤੇ ਪੁਲ ਦੀ ਉਸਾਰੀ ਜਲਦੀ ਮੁਕੰਮਲ ਕਰਨ ਲਈ ਜ਼ਿਲ੍ਹਾ ਪੁਲੀਸ ਮੁਖੀ ਅਤੇ ਐਕਸੀਅਨ ਲੋਕ ਨਿਰਮਾਣਵਿਭਾਗ ਨੂੰ ਲੋੜੀਂਦੇ ਆਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਐਲਾਨ ਕੀਤਾ ਕਿ ਸੜਕ ਦੇ ਨਾਲ ਗੁਰਦੁਆਰੇ ਤੋਂ ਗਰੇਵਾਲ ਚੌਕ ਤੱਕ ਇੰਟਰਲਾਕ ਟਾਈਲਾਂ ਦਾ ਵੱਖਰਾ ਰਸਤਾ ਜਲਦੀ ਬਣਾ ਦਿੱਤਾ ਜਾਵੇਗਾ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ, ਹੈੱਡ ਗਰੰਥੀ ਭਾਈ ਨਰਿੰਦਰਪਾਲ ਸਿੰਘ ਤੇ ਲੈਕਚਰਾਰ ਗੁਰਪਰੀਤ ਸਿੰਘ ਜਵੰਧਾ ਨੇ ਬੀਬੀ ਰਜ਼ੀਆ ਨੂੰ ਸਿਰੋਪਾਓ ਤੇ ਸ਼ਾਲ ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਬੀਬੀ ਰਜ਼ੀਆ ਸੁਲਤਾਨਾ ਦੇ ਦੋਵੇਂ ਪੀ.ਏ. ਦਰਬਾਰਾ ਸਿੰਘ ਤੇ ਮੁਹੰਮਦ ਤਾਰਿਕ ਸਮੇਤ ਸਾਬਕਾ ਕੌਂਸਲਰ ਅਸ਼ਰਫ ਅਬਦੁੱਲਾ ਨੂੰ ਵੀ ਸਿਰੋਪਾਓ ਦਿੱਤੇ ਗਏ।