ਐਨ.ਪੀ.ਧਵਨ
ਪਠਾਨਕੋਟ, 22 ਸਤੰਬਰ
ਪਿੰਡ ਡੱਡਵਾਂ ਦੇ ਲੋਕਾਂ ਨੇ ਵਾਟਰ ਸਪਲਾਈ ਵਿੱਚੋਂ ਆ ਰਹੇ ਗੰਦੇ ਪਾਣੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸਰਪੰਚ ਨੀਲਮਾ ਦੇਵੀ, ਗੰਧਰਵ ਸਿੰਘ, ਮਾਨ ਸਿੰਘ, ਵਜੀਰ ਸਿੰਘ, ਸਵਰਨ ਸਿੰਘ, ਪੱਪੂ ਸਿੰਘ, ਤਾਨੀਆ ਦੇਵੀ ਆਦਿ ਸ਼ਾਮਲ ਸਨ। ਸਮੂਹ ਪਿੰਡ ਵਾਸੀਆਂ ਨੇ ਕਿਹਾ ਕਿ ਕਾਫੀ ਸਮੇਂ ਤੋਂ ਪਿੰਡ ਡੱਡਵਾਂ ਦੇ ਲੋਕਾਂ ਨੂੰ ਜਿਸ ਟੈਂਕ ਵਿੱਚੋਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ, ਉਹ ਪਾਣੀ ਬਹੁਤ ਗੰਦਾ ਹੁੰਦਾ ਹੈ। ਇਸ ਗੰਦੇ ਪਾਣੀ ਦੀ ਸਪਲਾਈ ਕਾਰਨ 8-10 ਪਿੰਡ ਵਾਸੀ ਬਿਮਾਰ ਵੀ ਪਏ ਹੋਏ ਹਨ। ਜਿਨ੍ਹਾਂ ਨੂੰ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਉਹ ਪਾਣੀ ਉਬਾਲ ਕੇ ਪੀਣ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਾਟਰ ਸਪਲਾਈ ਦੇ ਇਸ ਪਾਣੀ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਨਗੇ। ਇਸ ਸਬੰਧੀ ਜਦ ਵਾਟਰ ਸਪਲਾਈ ਵਿਭਾਗ ਦੇ ਐੱਸਡੀਓ ਰੋਹਿਤ ਰਾਣਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ। ਹੁਣ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ, ਉਹ ਅੱਜ ਹੀ ਜਾ ਕੇ ਇਸ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਗੇ।