ਕੁਲਦੀਪ ਸਿੰਘ
ਚੰਡੀਗੜ੍ਹ, 20 ਸਤੰਬਰ
ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐੱਸਆਈਈਸੀ) ਐਸੋਸੀਏਸ਼ਨ ਦੇ ਮੁਲਾਜ਼ਮ ਆਗੂਆਂ ਦੀਆਂ ਦੂਰ-ਦੁਰਾਡੇ ਦੀਆਂ ਬਦਲੀਆਂ ਰੱਦ ਕਰਵਾਉਣ ਲਈ ਕਈ ਭਰਾਤਰੀ ਜਥੇਬੰਦੀਆਂ ਵੱਲੋਂ ਅੱਜ ਸੈਕਟਰ-17 ਸਥਿਤ ਉਦਯੋਗ ਭਵਨ ਵਿਚ ਧਰਨਾ ਦਿੱਤਾ ਗਿਆ। ਇਸ ਵਿੱਚ ਕਾਰਪੋਰੇਸ਼ਨ ਦੇ ਮੁਲਾਜ਼ਮ ਵੀ ਸ਼ਾਮਲ ਹੋਏ। ਐਸੋਸੀਏਸ਼ਨ ਦੇ ਜਨਰਲ ਸਕੱਤਰ ਤਾਰਾ ਸਿੰਘ ਦੀ ਅਗਵਾਈ ਹੇਠ ਦਿੱਤੇ ਧਰਨੇ ਵਿੱਚ ਮੁਲਾਜ਼ਮਾਂ ਨੇ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਤੇ ‘ਆਪ’ ਸਰਕਾਰ ਵਿਰੁੱਧ ਭੜਾਸ ਕੱਢੀ। ਦੱਸਣਯੋਗ ਹੈ ਕਿ ਪੀਐੱਸਆਈਈਸੀ ਦੇ ਮੈਨੇਜਿੰਗ ਡਾਇਰੈਕਟਰ ਕੁਮਾਰ ਅਮਿਤ ਜਿਹੜੇ ਕਿ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵੀ ਹਨ, ਉਹ ਬਦਲੀਆਂ ਰੱਦ ਨਾ ਕਰਨ ਲਈ ਬਜ਼ਿੱਦ ਹਨ। ਦੂਜੇ ਪਾਸੇ, ਮੁਲਾਜ਼ਮਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਦੇ ਕਾਰਜਕਾਲ ਵਿੱਚ ਇਹ ਬਦਲੀਆਂ ਤੀਆਂ ਦਾ ਤਿਉਹਾਰ ਮਨਾਉਣ ਦੀ ਓਟ ਹੇਠ ਐਸੋਸੀਏਸ਼ਨ ਨੂੰ ਖ਼ਤਮ ਕਰਨ ਖ਼ਾਤਰ ਕੀਤੀਆਂ ਗਈਆਂ। ਯੂਟੀ ਮੁਲਾਜ਼ਮਾਂ ਦੇ ਆਗੂ ਹਰਕੇਸ਼ ਕੁਮਾਰ, ਮਹਾਂਸੰਘ ਦੇ ਰਾਜ ਕੁਮਾਰ ਆਦਿ ਨੇ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇ ਬਦਲੀਆਂ ਰੱਦ ਨਾ ਕੀਤੀਆਂ ਤਾਂ ਸਮੁੱਚੀ ਟਰੇਡ ਯੂਨੀਅਨ ਉਦਯੋਗ ਭਵਨ ਵਿਚ ਪੱਕਾ ਮੋਰਚਾ ਲਾਵੇਗੀ।
ਫਿਰ ਮਿਲਿਆ ਬਦਲੀਆਂ ਰੱਦ ਕਰਨਾ ਦਾ ਭਰੋਸਾ
ਐਸੋਸੀਏਸ਼ਨ ਦੇ ਜਨਰਲ ਸਕੱਤਰ ਤਾਰਾ ਸਿੰਘ ਨੇ ਦੱਸਿਆ ਕਿ ਅੱਜ ਧਰਨੇ ਦੌਰਾਨ ਪ੍ਰਸ਼ਾਸਨ ਵੱਲੋਂ ਨਿਗਮ ਦੇ ਵਧੀਕ ਪ੍ਰਬੰਧਕ ਨਿਰਦੇਸ਼ਕ ਰੁਬਿੰਦਰਜੀਤ ਸਿੰਘ ਬਰਾੜ ਨਾਲ ਪੰਜ ਮੈਂਬਰ ਕਮੇਟੀ ਦੀ ਮੀਟਿੰਗ ਕਰਵਾਈ। ਇਸ ਦੌਰਾਨ ਉਨ੍ਹਾਂ ਨੇ 15 ਦਿਨਾਂ ਵਿੱਚ ਬਦਲੀਆਂ ਰੱਦ ਕਰਵਾਉਣ ਦਾ ਭਰੋਸਾ ਦਿੱਤਾ।