ਪ੍ਰਿੰ. ਸਰਵਣ ਸਿੰਘ
ਡਾ. ਬਲਜਿੰਦਰ ਸਿੰਘ ਖੋਜੀ ਖੇਡ ਲੇਖਕ ਹੈ। ਉਸ ਨੇ ਸਰੀਰਕ ਕਿਰਿਆ ਅਤੇ ਖੇਡਾਂ ਦੀ ਕੋਚਿੰਗ ਬਾਰੇ ਖੋਜ ਪੱਤਰ ਲਿਖੇ। ਖੇਡਾਂ ਖਿਡਾਰੀਆਂ ਬਾਰੇ ਸੌ ਦੇ ਕਰੀਬ ਫੁਟਕਲ ਲੇਖ ਅਤੇ ਦਰਜਨ ਕੁ ਖੇਡ ਕਵਿਤਾਵਾਂ ਛਪਵਾਈਆਂ। ‘ਮੁੱਢਲੇ ਖੇਡ ਨਿਯਮ ਅਤੇ ਸਿਧਾਂਤ’ ਨਾਂ ਦੀ ਪੁਸਤਕ ਵੀ ਲਿਖੀ ਹੈ। ਉਸ ਨੇ ਖੇਡ ਖੇਤਰ ਵਿਚ ਐੱਮਫਿੱਲ ਤੇ ਪੀਐੱਚਡੀ ਦੀਆਂ ਡਿਗਰੀਆਂ ਹਾਸਲ ਕੀਤੀਆਂ ਹਨ। ਉਹ ਵਿਦਿਆਰਥੀ ਹੁੰਦਿਆਂ ਅਥਲੈਟਿਕਸ ਵੀ ਕਰਦਾ ਰਿਹਾ ਅਤੇ ਫੁੱਟਬਾਲ, ਹੈਂਡਬਾਲ, ਬਾਸਕਟਬਾਲ ਤੇ ਸੌਫਟਬਾਲ ਦੀਆਂ ਟੀਮਾਂ ਵਿਚ ਵੀ ਖੇਡਦਾ ਰਿਹਾ। ਉਸ ਨੇ ਮੈਡਲ ਵੀ ਜਿੱਤੇ ਅਤੇ ਕੱਪ ਤੇ ਕਾਲਜ ਕਲਰ ਵੀ ਹਾਸਲ ਕੀਤੇ।
ਡਾ. ਬਲਜਿੰਦਰ ਸਿੰਘ ਖੋਜੀ ਖੇਡ ਲੇਖਕ ਹੈ। ਉਸ ਨੇ ਸਰੀਰਕ ਕਿਰਿਆ ਤੇ ਖੇਡਾਂ ਦੀ ਕੋਚਿੰਗ ਬਾਰੇ ਵੀਹ ਕੁ ਖੋਜ ਪੱਤਰ ਲਿਖੇ ਜੋ ਦੇਸ਼ ਵਿਦੇਸ਼ ਸੈਮੀਨਾਰਾਂ ਚ ਪੜ੍ਹੇ ਤੇ ਖੋਜ ਪੱਤਰਕਾਵਾਂ ਵਿਚ ਛਾਪੇ ਗਏ। ਖੇਡਾਂ ਖਿਡਾਰੀਆਂ ਵੀ ਬਾਰੇ ਸੌ ਦੇ ਕਰੀਬ ਫੁਟਕਲ ਲੇਖ ਅਤੇ ਦਰਜਨ ਕੁ ਖੇਡ ਕਵਿਤਾਵਾਂ ਅਖ਼ਬਾਰਾਂ ਰਸਾਲਿਆਂ ਵਿਚ ਛਪਵਾਈਆਂ ਹਨ। ‘ਮੁੱਢਲੇ ਖੇਡ ਨਿਯਮ ਅਤੇ ਸਿਧਾਂਤ’ ਨਾਂ ਦੀ ਪੁਸਤਕ ਵੀ ਲਿਖੀ ਹੈ। ਉਸ ਨੇ ਖੇਡ ਖੇਤਰ ਵਿਚ ਐੱਮਫਿੱਲ ਤੇ ਪੀਐੱਚਡੀ ਦੀਆਂ ਡਿਗਰੀਆਂ ਹਾਸਲ ਕੀਤੀਆਂ ਹਨ। ਉਹ ਪਿੰਡ ਸੁਧਾਰ (ਜਿ਼ਲ੍ਹਾ ਲੁਧਿਆਣਾ) ਦਾ ਜੰਪਪਲ ਹੈ ਤੇ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਵਿਚ ਅਸਿਸਟੈਂਟ ਪ੍ਰੋਫੈਸਰ ਹੈ। ਉਸ ਦਾ ਜਨਮ ਰਾਮਜੀਤ ਸਿੰਘ ਦੇ ਘਰ 11 ਫਰਵਰੀ 1979 ਨੂੰ ਹੋਇਆ ਸੀ। ਉਹ ਵਿਦਿਆਰਥੀ ਹੁੰਦਿਆਂ ਅਥਲੈਟਿਕਸ ਵੀ ਕਰਦਾ ਰਿਹਾ ਅਤੇ ਫੁੱਟਬਾਲ, ਹੈਂਡਬਾਲ, ਬਾਸਕਟਬਾਲ ਤੇ ਸੌਫਟਬਾਲ ਦੀਆਂ ਟੀਮਾਂ ਵਿਚ ਵੀ ਖੇਡਦਾ ਰਿਹਾ। ਉਸ ਨੇ ਮੈਡਲ ਵੀ ਜਿੱਤੇ ਅਤੇ ਕੱਪ ਤੇ ਕਾਲਜ ਕਲਰ ਵੀ ਹਾਸਲ ਕੀਤੇ। ਉਹ ਚਾਰ ਕਾਲਜਾਂ ਅਤੇ ਇਕ ਯੂਨੀਵਰਸਿਟੀ ਵਿਚ ਪੜ੍ਹਾਉਣ ਦੇ ਵਿਚਾਲੇ ਆਸਟਰੇਲੀਆ ਦਾ ਵੀ ਗੇੜਾ ਲਾ ਆਇਆ ਹੈ। ਆਪਣੇ ਬਾਰੇ ਲਿਖਦਾ ਹੈ:
ਬਚਪਨ ਤੋਂ ਹੀ ਹੋਰਨਾਂ ਬੱਚਿਆਂ ਵਾਂਗ ਖੇਡਾਂ ਖੇਡਣ ਦਾ ਕਾਫ਼ੀ ਸ਼ੌਕ ਰਿਹਾ। ਸੈਂਟਰਲ ਸਕੂਲ ਹਲਵਾਰਾ ਵਿਚ ਪੜ੍ਹਦਿਆਂ ਫੁੱਟਬਾਲ ਟੀਮ ਦਾ ਮੈਂਬਰ ਰਿਹਾ ਅਤੇ ਪਿੰਡ ਸੁਧਾਰ ਦੀ ਟੀਮ ਵੱਲੋਂ ਵੀ ਕਈ ਸਾਲ ਫੁੱਟਬਾਲ ਖੇਡੀ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਛੋਹ ਸਥਾਨ ਸੁਧਾਰ ਵਿਖੇ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਦੀ ਸਾਲਾਨਾ ਅਥਲੈਟਿਕਸ ਮੀਟ ਵਿਚ ਸ਼ੁਗਲ ਵਜੋਂ 5000 ਹਜ਼ਾਰ ਮੀਟਰ ਦੌੜ ਵਿਚ ਹਿੱਸਾ ਲਿਆ ਤੇ ਚਾਂਦੀ ਦਾ ਤਗਮਾ ਜਿੱਤਿਆ। ਕੁਝ ਸੀਨੀਅਰ ਅਥਲੀਟਾਂ ਨੂੰ ਇੰਝ ਲੱਗਾ, ਜਿਵੇਂ ਮੈਂ ਉਨ੍ਹਾਂ ਦੀ ਮੁੱਛ ਦਾ ਵਾਲ ਪੁੱਟ ਦਿੱਤਾ ਹੋਵੇ। ਉਨ੍ਹਾਂ ਨੇ ਅਵਾ ਤਵਾ ਬੋਲਦਿਆਂ ਅਗਲੀਆਂ ਰੇਸਾਂ ਲਈ ਮੈਨੂੰ ਚੈਲੰਜ ਦੇ ਦਿੱਤਾ। ਸੁਭਾਵਿਕ ਸੀ ਕਿ ਪ੍ਰੈਕਟਿਸ ਤੋਂ ਬਿਨਾਂ ਯੂਨੀਵਰਸਿਟੀ ਪੱਧਰ ਦੇ ਅਥਲੀਟਾਂ ਨੂੰ ਹਰਾਉਣਾ ਸੰਭਵ ਨਾ ਹੋਇਆ ਪਰ ਅਗਲੇ ਸਾਲ ਓਹੀ ਅਥਲੀਟ ਮੈਂ ਕਈ ਈਵੈਂਟਾਂ ਵਿਚ ਹਰਾਏ ਜੋ ਸ਼ਰਮ ਦੇ ਮਾਰੇ ਅਗਲੇ ਸਾਲ ਦੇ ਸਾਲਾਨਾ ਖੇਡ ਮੁਕਾਬਲਿਆਂ ਵਿਚ ਸ਼ਾਮਲ ਹੀ ਨਾ ਹੋਏ। ਇੰਜ ਬਣਿਆ ਮੈਂ ਅਥਲੀਟ!
ਪੜ੍ਹਾਈ ਦੇ ਮਾਮਲੇ ਵਿਚ ਮੇਰੇ ਤੇ ਸਰਸਵਤੀ ਦੀ ਕਿਰਪਾ ਰਹੀ। ਬੀਏ ਕਰਨ ਉਪਰੰਤ ਬੀਐੱਡ, ਬੀਪੀਐੱਡ, ਐਮਪੀਐੱਡ ਐਮਫਿਲ ਤੇ ਪੀਐਚਡੀ ਪੰਜਾਬ ਯੂਨੀਵਰਸਿਟੀ ਤੋਂ ਚੰਗੇ ਨੰਬਰਾਂ ਨਾਲ ਪਾਸ ਕੀਤੀ ਅਤੇ ਲੈਕਚਰਾਰ ਲੱਗਣ ਦੀ ਯੋਗਤਾ ਵਾਲਾ ਯੂਜੀਸੀ ਦਾ ਟੈਸਟ ਨੈੱਟ ਵੀ ਪਾਸ ਕਰ ਲਿਆ। ਹੋਰਨਾਂ ਪੰਜਾਬੀਆਂ ਵਾਂਗ ਵਿਦੇਸ਼ ਜਾਣ ਦੀ ਦੌੜ ਨੇ ਆਸਟਰੇਲੀਆ ਜਾਣ ਦਾ ਮੌਕਾ ਵੀ ਦਿੱਤਾ ਪਰ ਕੁਝ ਨਿੱਜੀ ਕਾਰਨਾਂ ਕਰਕੇ ਘਰ ਵਾਪਸੀ ਕਰਨੀ ਪਈ।
ਆਸਟਰੇਲੀਆ ਜਾਣ ਤੋਂ ਪਹਿਲਾਂ ਮੈਂ ਲੁਧਿਆਣੇ ਦੇ ਤਿੰਨ ਕਾਲਜਾਂ ਵਿਚ ਆਰਜ਼ੀ ਤੌਰ ਤੇ ਡੀਪੀਈ ਤੇ ਲੈਕਚਰਾਰ ਰਹਿ ਚੁੱਕਾ ਸਾਂ। ਉਨ੍ਹਾਂ ਵਿਚ ਕਮਲਾ ਲੋਹਟੀਆ ਕਾਲਜ, ਆਰੀਆ ਕਾਲਜ ਤੇ ਨਾਰੰਗਵਾਲ ਕਾਲਜ ਸਨ। ਆਸਟਰੇਲੀਆ ਤੋਂ ਮੁੜ ਕੇ ਮੈਂ ਫਿਰ ਏਸੇ ਕਿੱਤੇ ਨੂੰ ਆ ਅਪਣਾਇਆ। ਨਾਰੰਗਵਾਲ ਕਾਲਜ ਵਿਚ ਬੀਪੀਐੱਡ ਤੇ ਐਮਪੀਐੱਡ ਦੇ ਵਿਦਿਆਰਥੀਆਂ ਪੜ੍ਹਾਉਦਿਆਂ ਖੇਡਾਂ ਵਿਚ ਕਾਲਜ ਨੂੰ ਬੀ ਡਿਵੀਜ਼ਨ ਦੀ ਓਵਰਆਲ ਚੈਂਪੀਅਨਸਿ਼ਪ ਟ੍ਰਾਫੀ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਖੇਡ ਮੈਦਾਨਾਂ ਨਾਲ ਜੁੜੇ ਰਹਿਣ ਕਰਕੇ ਲਿਖਣ ਤੇ ਛਪਣ ਦਾ ਨਾ ਕਦੇ ਧਿਆਨ ਆਇਆ ਤੇ ਨਾ ਵਿਹਲ ਹੀ ਮਿਲੀ ਪਰ ਜਦ ਆਸਟਰੇਲੀਆ ਤੋਂ ਇੰਡੀਆ ਪਰਤਿਆ ਤਾਂ ਨਾਲ ਦੇ ਲੈਕਚਰਾਰਾਂ ਵਿਚ ਨਵੀਂ ਦੌੜ ਦੇਖਣ ਨੂੰ ਮਿਲੀ। ਉਹ ਸੀ ਪੇਪਰ ਤੇ ਕਿਤਾਬਾਂ ਛਪਵਾਉਣ ਦੀ। ਉਨ੍ਹਾਂ ਦੀ ਰੀਸੇ ਮੈਂ ਵੀ ਸਾਲ 2011 ਵਿਚ ਏਪੀਆਈ ਸਕੋਰ ਪੂਰਾ ਕਰਨ ਦੇ ਚੱਕਰਾਂ ਵਿਚ ਕਰੀਅਰ ਦਾ ਪਹਿਲਾ ਖੋਜ ਪੱਤਰ ਲਿਖਿਆ ਅਤੇ ਨਾਲ ਹੀ ਸਰੀਰਕ ਸਿੱਖਿਆ ਦੀ ਪ੍ਰੈਕਟੀਕਲ ਕਾਪੀ ਛਾਪ ਮਾਰੀ। ਚੰਗੇ ਭਾਗਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵਿਚ ਨੌਕਰੀ ਮਿਲ ਗਈ ਜਿਥੇ ਸਰਵਿਸ ਕਰਦਿਆਂ ਵਲਵਲਾ ਉੱਠਿਆ, ਬਈ ਮਨਾਂ! ਰੱਬ ਨੇ ਤੈਨੂੰ ਪੰਜਾਬੀ ਭਾਸ਼ਾ ਦੇ ਆਧਾਰ ਤੇ ਬਣੀ ਯੂਨੀਵਰਸਿਟੀ ਵਿਚ ਨੌਕਰੀ ਦਿੱਤੀ ਹੈ, ਕਿਉਂ ਨਾ ਤੂੰ ਵੀ ਪੰਜਾਬੀ ਵਿਚ ਲਿਖ ਕੇ ਮਾਂ ਬੋਲੀ ਦਾ ਕਰਜ਼ ਉਤਾਰੇਂ?
ਸਰੀਰਕ ਸਿੱਖਿਆ ਦੇ ਵਧੇਰੇ ਖੋਜ ਪੱਤਰ ਅੰਗਰੇਜ਼ੀ ਵਿਚ ਛਪੇ ਹੁੰਦੇ ਹਨ ਜੋ ਬਹੁਤਿਆਂ ਦੇ ਸਿਰ ਉੱਪਰ ਦੀ ਟੱਪ ਜਾਂਦੇ ਹਨ। ਮੇਰੇ ਵੱਲੋਂ ਸਰੀਰਕ ਸਿੱਖਿਆ ਦੇ ਇਤਿਹਾਸ ਵਿਚ ਗੁਰਮੁਖੀ ਲਿਪੀ ਵਿਚ ਪਹਿਲਾ ਸੋਧ ਪੱਤਰ ਲਿਖਿਆ ਗਿਆ ਜੋ ਪੰਜਾਬੀ ਯੂਨੀਵਰਸਿਟੀ ਦੀ ਕਾਨਫਰੰਸ ਪ੍ਰਕਾਸ਼ਨਾਂ ਵਿਚ ਛਪਿਆ। ਪੰਜਾਬੀ ਯੂਨੀਵਰਸਿਟੀ ਵਿਚ ਮਿਲੀ ਤਿੰਨ ਸਾਲਾ ਕੱਚੀ ਨੌਕਰੀ ਦੌਰਾਨ ਪੱਕੇ ਹੋਣ ਦੇ ਚੱਕਰਾਂ ਚ ਪੱਚੀ-ਤੀਹ ਰਿਸਰਚ ਪੇਪਰ ਅਤੇ ਸਰੀਰਕ ਸਿੱਖਿਆ ਵਿਸ਼ੇ ਨਾਲ ਸੰਬੰਧਿਤ ਚਾਰ-ਪੰਜ ਕਿਤਾਬਾਂ ਵੀ ਲਿਖ ਮਾਰੀਆਂ ਪਰ ਨੌਕਰੀ ਤੇ ਫੇਰ ਵੀ ਪੱਕਾ ਨਾ ਹੋਇਆ। ਆਖ਼ਰ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਧਰਤੀ ਗੁਰੂਸਰ ਸੁਧਾਰ ਦੇ ਉਸੇ ਵਿੱਦਿਅਕ ਅਦਾਰੇ ਨੇ ਮੇਰੀ ਬਾਂਹ ਫੜੀ ਜਿਸ ਵਿਚ ਪੜ੍ਹਦਿਆਂ ਕਿਸੇ ਵੇਲ਼ੇ ਮੇਰੇ ਅੰਦਰਲੇ ਖਿਡਾਰੀ ਨੂੰ ਤਰਾਸ਼ਿਆ ਗਿਆ ਸੀ। ਮੈਂ 22.10.2018 ਤੋਂ ਉਥੇ ਅਸਿਸਟੈਂਟ ਪ੍ਰੋਫੈਸਰ ਹਾਂ ਤੇ ਖੇਡਾਂ ਖਿਡਾਰੀਆਂ ਬਾਰੇ ਲਿਖਣ ਦੇ ਨਾਲ ਕਾਲਜ ਦੀਆਂ ਟੀਮਾਂ ਵੀ ਤਰਾਸ਼ਦਾ ਹਾਂ।
ਡਾ. ਬਲਜਿੰਦਰ ਸਿੰਘ ਦੇ ਲੰਮੇ ਸੰਘਰਸ਼ ਤੋਂ ਪਤਾ ਲੱਗਦਾ ਹੈ ਕਿ ਕਾਲਜ ਵਿਚ ਲੈਕਚਰਾਰ ਲੱਗਣ ਲਈ ਕਿੰਨੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ ਤੇ ਕੱਚੇ ਤੋਂ ਪੱਕੇ ਹੋਣ ਲਈ ਕਿੰਨੇ ਸਾਲ ਲੱਗਦੇ ਹਨ। ਉਸ ਦੀ ਪੜ੍ਹਾਈ ਤੇ ਨਜ਼ਰ ਮਾਰੀ ਜਾਵੇ ਤਾਂ 1999 ਵਿਚ 50% ਨੰਬਰਾਂ ਨਾਲ ਬੀਏ, 2001 ਵਿਚ 63% ਨੰਬਰਾਂ ਨਾਲ ਬੀਐੱਡ, 2002 ਵਿਚ 64% ਨੰਬਰਾਂ ਨਾਲ ਬੀਪੀਐੱਡ, 2004 ਵਿਚ 68% ਨੰਬਰਾਂ ਨਾਲ ਐੱਮਏ ਸਰੀਰਕ ਸਿੱਖਿਆ, 2006 ਵਿਚ 60% ਨੰਬਰਾਂ ਨਾਲ ਐੱਮਫਿੱਲ, 2012 ਵਿਚ ਯੂਜੀਸੀ ਦਾ ਨੈੱਟ ਪਾਸ ਕੀਤਾ ਅਤੇ 2017 ਵਿਚ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ। ਉਹਦੇ ਥੀਸਸ ਦਾ ਟਾਈਟਲ ‘ਏ ਕੰਪੈਰੇਟਿਵ ਸਟੱਡੀ ਆਫ ਕਾਰਡੀਓਵੈਸਕੁਲਰ ਫਿਟਨੈੱਸ ਬਿਟਵੀਨ ਰੂਰਲ ਐਂਡ ਅਰਬਨ ਕਾਲਜ ਬੁਆਇਜ਼’ ਹੈ। ਨਾਲ ਦੀ ਨਾਲ ਉਹ ਕਾਲਜਾਂ ਦੀਆਂ ਟੀਮਾਂ ਵਿਚ ਖੇਡਿਆ ਅਤੇ ਖੋਜ ਪੱਤਰ ਤੇ ਫੁਟਕਲ ਲੇਖ ਲਿਖਦਾ ਰਿਹਾ। ਹਿਸਾਬ ਲਾ ਲਓ ਨਰਸਰੀ ਤੋਂ ਐੱਮਫਿੱਲ ਤੇ ਪੀਐੱਚਡੀ ਕਰ ਕੇ ਅਸਿਸਟੈਂਟ ਪ੍ਰੋਫ਼ੈਸਰ ਲੱਗਣ ਤੱਕ ਕਿੰਨੇ ਸਾਲ ਲੱਗੇ? ਤਦੇ ਤਾਂ ਬਾਰਵ੍ਹੀਂ ਜਮਾਤ ਪਿੱਛੋਂ ਆਈਲੈਟਸ ਕਰ ਕੇ ਪੰਜਾਬ ਦੇ ਬਹੁਤ ਸਾਰੇ ਹੋਣਹਾਰ ਵਿਦਿਆਰਥੀ ਮਾਪਿਆਂ ਦੇ ਲੱਖਾਂ ਰੁਪਏ ਲੁਆ ਕੇ ਵਿਦੇਸ਼ਾਂ ਚ ਦਿਹਾੜੀਆਂ ਕਰਨ ਲਈ ਮੁਲਕ-ਬਦਰ ਹੋ ਰਹੇ ਹਨ। ਸੁਆਲ ਹੈ, ਕਦ ਸੁਧਰੇਗਾ ਸਾਡਾ ਸਿੱਖਿਆ ਸਿਸਟਮ ਅਤੇ ਕਦ ਰੁਕੇਗਾ ਪੰਜਾਬ ਦੇ ਧਨ ਤੇ ਬ੍ਰੇਨ ਡ੍ਰੇਨ ਦਾ ਉਜਾੜਾ!
ਡਾ. ਬਲਜਿੰਦਰ ਸਿੰਘ ਨੇ ਹੁਣ ਤਕ ਸੌ ਕੁ ਲੇਖ ਛਪਵਾਏ ਹਨ ਅਤੇ 2021 ਵਿਚ ਹੋਈਆਂ ਟੋਕੀਓ ਦੀਆਂ ਓਲੰਪਿਕ ਖੇਡਾਂ ਦੀ ਅਖ਼ਬਾਰਾਂ ਤੇ ਟੀਵੀ ਲਈ ਕਵਰੇਜ ਕੀਤੀ ਹੈ। ਉਸ ਦਾ ਪਹਿਲਾ ਲੇਖ ਗੁਰੂ ਹਰਗੋਬਿੰਦ ਸਿੱਖਿਆ ਸੰਸਥਾਵਾਂ ਦੇ ਸੰਸਥਾਪਕ ਨਿਹੰਗ ਬਾਬਾ ਸ਼ਮਸ਼ੇਰ ਸਿੰਘ ਜੀ ਦੇ ਜੀਵਨ ਤੇ ਘਾਲਣਾ ਬਾਰੇ ਛਪਿਆ। ਦੂਜਾ ਸੁਧਾਰ ਕਾਲਜ ਦੇ ਹਾਕੀ ਓਲੰਪੀਅਨ ਕਰਨਲ ਜਸਵੰਤ ਸਿੰਘ ਹੁਰਾਂ ਉੱਪਰ ਲਿਖਿਆ ਗਿਆ। ਫੇਰ ਤਾਂ ਚੱਲ ਸੋ ਚੱਲ ਹੋ ਗਈ। ਉਸ ਦੀਆਂ ਲਘੂ ਕਹਾਣੀਆਂ ਤੋਂ ਬਿਨਾਂ ਖੇਡ ਕਵਿਤਾਵਾਂ ਵੀ ਛਪੀਆਂ। ਪੇਸ਼ ਹਨ ਉਹਦੀਆਂ ਕੁਝ ਲਿਖਤਾਂ:
ਮੈਡਲ ਸੌਖੇ ਨਹੀਂ ਮਿਲਦੇ…
ਤਰਾਸ਼ਣਾ ਪੈਂਦਾ ਹੈ ਦੇਹੀ ਨੂੰ
ਕਸਰਤਾਂ ਤੇ ਮੁਸ਼ੱਕਤਾਂ ਨਾਲ
ਮੈਡਲ ਤੇ ਉਕਰੇ ਅੱਖਰਾਂ ਵਾਂਗ
ਮੈਡਲ ਸੌਖੇ ਨਹੀਂ ਮਿਲਦੇ…
ਤਪਣਾ ਪੈਂਦੈ ਮਿਹਨਤ ਦੀ ਭੱਠੀ ਚ
ਜਿਵੇਂ ਮੈਡਲ ਬਣਨ ਤੋਂ ਪਹਿਲਾਂ
ਉਸ ਦਾ ਧਾਤੂ ਤਪਦਾ ਹੈ
ਝੋਕਾ ਦੇਣਾ ਪੈਂਦਾ ਹੈ
ਸੱਧਰਾਂ ਤੇ ਅਰਮਾਨਾਂ ਦਾ
ਫੇਰ ਕਿਤੇ ਸੋਨਾ ਨਿੱਤਰਦਾ ਹੈ
ਢਾਲਣਾ ਪੈਂਦਾ ਹੈ ਖ਼ੁਦ ਨੂੰ
ਦ੍ਰਿੜਤਾ ਦੇ ਸਾਂਚੇ ਵਿਚ
ਜਿਵੇਂ ਮੈਡਲ ਢਲਦਾ ਹੈ
ਸਹਿਣੀ ਪੈਂਦੀ ਹੈ ਤਪਸ਼
ਸਬਰ ਦੇ ਅੰਗਿਆਰਿਆਂ ਦੀ
ਪੋਡੀਅਮ ਤੇ ਚੜ੍ਹ ਉਂਗਲਾਂ ਦਾ
‘ਵੀ’ ਨਿਸ਼ਾਨ ਬਣਾਉਣ ਲਈ
ਗੰਢਣਾ ਪੈਂਦਾ ਹੈ ਖ਼ੁਦ ਨੂੰ
ਮੈਡਲ ਚ ਗੰਢੇ ਰਬਿਨ ਵਾਂਗ
ਨਿਗ੍ਹਾ ਵੀ ਸਵੱਲੀ ਚਾਹੀਦੀ ਹੈ
ਉਸ ਪਰਵਰਦਗਾਰ ਦੀ
ਫੇਰ ਕਿਤੇ ਮਿਲਦੇ ਹਨ ਮੈਡਲ …
ਖੇਡ ਸਾਹਿਤ ਦੀ ਮਹੱਤਤਾ
ਖੇਡ ਸਾਹਿਤ ਦਾ ਕਿਸੇ ਵੀ ਭਾਸ਼ਾ ਦੇ ਸਮੁੱਚੇ ਸਾਹਿਤ ਵਿਚ ਵਿਸ਼ੇਸ਼ ਮਹੱਤਵ ਹੁੰਦਾ ਹੈ। ਪੰਜਾਬੀ ਸਾਹਿਤ ਲਿਖਣ ਵਾਲੇ ਬਹੁਤੇ ਲੇਖਕ ਅਜੇ ਇਸ ਮੈਦਾਨ ਚ ਨਹੀਂ ਨਿੱਤਰੇ। ਮੇਰਾ ਮੰਨਣਾ ਹੈ ਕਿ ਖੇਡਾਂ ਅਤੇ ਖ਼ਿਡਾਰੀਆਂ ਬਾਰੇ ਲਿਖਣਾ ਇੰਨਾ ਸੌਖਾ ਨਹੀਂਂ ਕਿ ਜਣਾ ਖਣਾ ਖੇਡ ਲੇਖਕ ਬਣ ਜਾਵੇ। ਖੇਡ ਲੇਖਕ ਬਣਨ ਲਈ ਲੇਖਕ ਨੂੰ ਸਿੱਧੇ ਅਸਿੱਧੇ ਤੌਰ ਤੇ ਖੇਡ ਜਗਤ ਨਾਲ ਜੁੜਨਾ ਪੈਂਦਾ ਹੈ। ਖਿਡਾਰੀਆਂ ਤੇ ਖੇਡ ਮੈਦਾਨਾਂ ਤਕ ਖ਼ੁਦ ਪਹੁੰਚ ਕਰਨੀ ਪੈਂਦੀ ਹੈ। ਖੇਡਾਂ ਦੇ ਦੁਰਲੱਭ ਤੱਥ ਖੋਜਣੇ ਪੈਂਦੇ ਹਨ। ਇਹ ਸੌਖਾ ਕੰਮ ਨਹੀਂ, ਕਾਫੀ ਕਠਨ ਕਾਰਜ ਹੈ।
ਪੰਜਾਬੀ ਖੇਡ ਸਾਹਿਤ ਰਚਣ ਵਿਚ ਜਿਨ੍ਹਾਂ ਲੇਖਕਾਂ ਨੇ ਯੋਗਦਾਨ ਪਾਇਆ ਉਨ੍ਹਾਂ ਚ ਪ੍ਰਿੰ. ਸਰਵਣ ਸਿੰਘ ਦਾ ਨਾਂ ਪ੍ਰਮੁੱਖ ਹੈ। ਬਲਬੀਰ ਸਿੰਘ ਕੰਵਲ, ਪ੍ਰੋ. ਕਰਮ ਸਿੰਘ, ਪਿਆਰਾ ਸਿੰਘ ਰਛੀਨ ਤੇ ਕੁਝ ਹੋਰ ਲੇਖਕਾਂ ਨੇ ਵੀ ਭਲਵਾਨਾਂ ਬਾਰੇ ਕਿਤਾਬਾਂ ਲਿਖੀਆਂ ਹਨ। ਪ੍ਰਿੰ. ਸਰਵਣ ਸਿੰਘ ਦੀ ਖੋਜ ਮੁਤਾਬਿਕ ਸੌ ਕੁ ਲੇਖਕ ਅਜਿਹੇ ਹਨ ਜਿਨ੍ਹਾਂ ਨੇ ਖੇਡਾਂ ਖਿਡਾਰੀਆਂ ਬਾਰੇ ਵੀ ਕੁਝ ਨਾ ਕੁਝ ਲਿਖਿਆ ਹੈ। ਪ੍ਰਿੰਸੀਪਲ ਸਾਹਿਬ ਨੂੰ ਪੰਜਾਬੀ ਖੇਡ ਸਾਹਿਤ ਦੇ ਭੀਸ਼ਮ ਪਿਤਾਮਾ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ। ਉਨ੍ਹਾਂ ਨੂੰ ਖੇਡਾਂ ਤੇ ਖ਼ਿਡਾਰੀਆਂ ਬਾਰੇ ਲਿਖਦਿਆਂ ਅੱਧੀ ਸਦੀ ਬੀਤ ਚੁੱਕੀ ਹੈ ਅਤੇ 82 ਸਾਲ ਦੀ ਉਮਰ ਵਿਚ ਵੀ ਕਲਮ ਉਸੇ ਰਫ਼ਤਾਰ ਨਾਲ ਚੱਲ ਰਹੀ ਹੈ। ਉਨ੍ਹਾਂ ਨੇ ਦੋ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਖੇਡ ਸਾਹਿਤ ਨੂੰ ਦਿੱਤੀਆਂ ਹਨ। ਉਨ੍ਹਾਂ ਦੁਆਰਾ ਲਿਖੀਆਂ ਪੁਸਤਕਾਂ ‘ਪੰਜਾਬੀ ਖਿਡਾਰੀ’ ਤੇ ‘ਪੰਜਾਬ ਦੀਆਂ ਦੇਸੀ ਖੇਡਾਂ’ ਨੇ ਮੇਰੇ ਮਨ ਚ ਖੇਡ ਲੇਖਕ ਬਣਨ ਦਾ ਉਤਸ਼ਾਹ ਭਰਿਆ ਸੀ। ਜਦੋਂ ਕਦੇ ਮਨ ਵਿਚ ਨਿਰਾਸਤਾ ਆਉਣੀ ਤਾਂ ‘ਪੰਜਾਬੀ ਖਿਡਾਰੀ’ ਚੁੱਕ ਕੇ ਪੜ੍ਹਨ ਬੈਠ ਜਾਣਾ। ਉਸ ਨਾਲ ਮਨ ਵਿਚ ਦੁਬਾਰਾ ਜੋਸ਼ ਭਰ ਜਾਂਦਾ ਸੀ।
ਖੇਡ ਸਾਹਿਤ ਖਿਡਾਰੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ। ਇਹ ਨੌਜਵਾਨਾਂ ਵਿਚ ਨਵੇਂ ਜੋਸ਼ ਦਾ ਸੰਚਾਰ ਕਰਦਾ ਹੈ ਅਤੇ ਉਨ੍ਹਾਂ ਨੂੰ ਖੇਡਾਂ ਖੇਡਣ ਵੱਲ ਪ੍ਰੇਰਦਾ ਹੈ। ਜੇ ਸਾਹਿਤ ਸਮਾਜ ਦਾ ਸ਼ੀਸ਼ਾ ਹੈ ਤਾਂ ਖੇਡ ਸਾਹਿਤ ਖੇਡ ਜਗਤ ਦਾ ਦਰਪਣ ਹੈ। ਜੇ ਸਾਹਿਤ ਸਮਾਜ ਦੇ ਹਿਤ ਦੀ ਗੱਲ ਕਰਦਾ ਹੈ, ਸਮਾਜ ਨੂੰ ਸੇਧ ਦਿੰਦਾ ਹੈ, ਸਮਾਜ ਨੂੰ ਉਤਸ਼ਾਹਿਤ ਕਰਦਾ ਹੈ ਤਾਂ ਯਕੀਨਨ ਖੇਡ ਸਾਹਿਤ ਵੀ ਏਸ ਪੱਖੋਂ ਖੇਡ ਜਗਤ ਲਈ ਮਸੀਹੇ ਦਾ ਰੋਲ ਅਦਾ ਕਰਦਾ ਹੈ। ਜ਼ਰੂਰਤ ਹੈ ਇਸ ਗੱਲ ਦੀ ਕਿ ਖਿਡਾਰੀ ਵਰਗ ਖੇਡ ਸਾਹਿਤ ਦੀ ਮਹੱਤਤਾ ਨੂੰ ਸਮਝੇ। ਚੰਗੀਆਂ ਖੇਡ-ਲਿਖਤਾਂ ਨੂੰ ਆਪਣਾਵੇ ਤੇ ਪ੍ਰੇਰਨਾ ਸਰੋਤ ਬਣਾਵੇ।
ਸਕੂਲਾਂ ਕਾਲਜਾਂ ਦੇ ਖਿਡਾਰੀਆਂ ਚ ਖੇਡ ਜਜ਼ਬੇ ਦੀ ਚਿਣਗ ਜਗਾਉਣ ਖ਼ਾਤਰ ਉਨ੍ਹਾਂ ਨੂੰ ਖੇਡ ਸਾਹਿਤ ਪੜ੍ਹਨ ਲਈ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਅਸੀਂ ਮਹਿਸੂਸ ਕੀਤਾ ਹੈ ਕਿ ਸਾਡੇ ਵਿਦਿਆਰਥੀ ਖਿਡਾਰੀਆਂ ਦਾ ਇਸ ਪਾਸੇ ਵੱਲ ਬਹੁਤ ਹੀ ਘੱਟ ਧਿਆਨ ਹੈ। ਖੇਡ ਸਾਹਿਤ ਤਾਂ ਕੀ, ਉਹ ਅਖ਼ਬਾਰਾਂ, ਰਸਾਲਿਆਂ ਚ ਖੇਡ ਖ਼ਬਰਾਂ ਵੀ ਬਹੁਤ ਘੱਟ ਪੜ੍ਹਦੇ ਹਨ। ਜਿਸ ਖੇਡ ਨੂੰ ਉਨ੍ਹਾਂ ਨੇ ਆਪਣੀ ਪੇਸ਼ਾਵਰ ਖੇਡ ਵਜੋਂ ਚੁਣਿਆ ਹੁੰਦੈ, ਉਸ ਦਾ ਇਤਿਹਾਸ ਵੀ ਉਹ ਜਾਣਦੇ ਨਹੀਂ ਹੁੰਦੇ। ਉਸ ਖੇਡ ਬਾਰੇ ਵਿਸ਼ਵ ਪੱਧਰ ਤੇ ਜੋ ਸਾਹਿਤ ਮਿਲਦਾ ਹੈ, ਉਸ ਬਾਰੇ ਜਾਣਕਾਰੀ ਤਾਂ ਦੂਰ ਦੀ ਗੱਲ, ਉਹ ਤਾਂ ਆਪਣੇ ਪ੍ਰਾਂਤ ਜਾਂ ਦੇਸ਼ ਦੇ ਬਾਰੇ ਵੀ ਉਸ ਪੱਖ ਤੋਂ ਗਿਆਨ ਨਹੀਂ ਰੱਖਦੇ ਹੁੰਦੇ। ਇਸ ਸੂਰਤ ਚ ਉਹ ਕਿਸੇ ਵੱਡੀ ਮੰਜ਼ਿਲ ਨੂੰ ਸਰ ਕਰਨ ਲਈ ਕਿਵੇਂ ਪ੍ਰੇਰਿਤ ਹੋ ਸਕਦੇ ਹਨ?
ਕਿਤਾਬਾਂ ਦੀਆਂ ਦੁਕਾਨਾਂ ਤੋਂ ਖੇਡਾਂ ਦੀ ਜਾਣਕਾਰੀ ਦਿੰਦੀਆਂ ਕਿਤਾਬਾਂ ਮਿਲ ਜਾਂਦੀਆਂ ਹਨ। ਉਹ ਖੇਡ ਨਿਯਮਾਂ ਬਾਰੇ, ਖਿਡਾਰੀਆਂ ਦੇ ਸੰਘਰਸ਼ੀ ਜੀਵਨ ਬਾਰੇ, ਖੇਡ ਟੂਰਨਾਮੈਂਟਾਂ ਦੀ ਜਾਣਕਾਰੀ, ਵੈਟਰਨ ਖਿਡਾਰੀਆਂ ਦੇ ਹੌਸਲਾ ਵਧਾਊ ਹਵਾਲੇ, ਦਿਲਚਸਪ ਖੇਡ ਪ੍ਰਸੰਗ ਅਤੇ ਕਿੱਸੇ ਬਿਆਨ ਕਰਨ ਵਾਲੀਆਂ ਬੜੀ ਦਿਲਚਸਪ ਸ਼ੈਲੀ ਤੇ ਸਰਲ ਭਾਸ਼ਾ ਚ ਲਿਖੀਆਂ ਪੁਸਤਕਾਂ ਹੁੰਦੀਆਂ ਹਨ। ਉਨ੍ਹਾਂ ਨੂੰ ਖਿਡਾਰੀ ਵਰਗ ਅਤੇ ਖੇਡ ਪ੍ਰੇਮੀ ਪਾਠਕਾਂ ਦੀ ਉਡੀਕ ਹੁੰਦੀ ਹੈ। ਕਿਤਾਬਾਂ ਤੋਂ ਇਲਾਵਾ ਖੇਡ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਬਹੁਤ ਸਾਰੀਆਂ ਅਖ਼ਬਾਰਾਂ ਖੇਡ ਖ਼ਬਰਾਂ ਦੇ ਨਾਲ ਖੇਡ ਸਪਲੀਮੈਂਟ ਵੀ ਛਾਪਦੀਆਂ ਹਨ। ਇਸ ਲਈ ਖਿਡਾਰੀਆਂ ਨੂੰ ਖੇਡ ਸਾਹਿਤ ਪੜ੍ਹਨ ਦੀ ਚੇਟਕ ਲਾਉਣੀ ਚਾਹੀਦੀ ਹੈ।
ਖਿਡਾਰੀ ਵਿਦਿਆਰਥੀ ਜ਼ਿਆਦਾਤਰ ਫਿਜ਼ੀਕਲ ਐਜੂਕੇਸ਼ਨ ਵਿਸ਼ੇ ਦੀ ਚੋਣ ਕਰਦੇ ਹਨ। ਖੇਡ ਸਾਹਿਤ ਪੜ੍ਹਨ ਨਾਲ ਇਸ ਵਿਸ਼ੇ ਚ ਪਰਪੱਕਤਾ ਆਉਂਦੀ ਹੈ ਅਤੇ ਪੇਪਰਾਂ ਦੀ ਤਿਆਰੀ ਚ ਮਦਦ ਮਿਲਦੀ ਹੈ। ਇਹ ਦੇਖਿਆ ਗਿਆ ਹੈ, ਕੇਵਲ ਖੇਡ ਪ੍ਰੇਮੀ ਹੀ ਖੇਡ ਸਾਹਿਤ ਵਿਚ ਬਹੁਤੀ ਰੁਚੀ ਰੱਖਦੇ ਹਨ। ਇਥੋਂ ਤੱਕ ਕਿ ਰਸਾਲਿਆਂ, ਅਖ਼ਬਾਰਾਂ ਅਤੇ ਕਿਤਾਬਾਂ ਚੋਂ ਗਿਆਨ ਭਰਪੂਰ, ਦਿਲਚਸਪ ਆਰਟੀਕਲ ਕੱਟ ਕੇ ਸੰਭਾਲ ਵੀ ਲੈਂਦੇ ਹਨ ਪਰ ਵਿਦਿਆਰਥੀ ਖਿਡਾਰੀ ਵਰਗ ਵਿਚ ਇਸ ਤਰ੍ਹਾਂ ਦਾ ਰੁਝਾਨ ਅਜੇ ਘੱਟ ਮਿਲਦਾ ਹੈ।
ਖਿਡਾਰੀ ਵਿਦਿਆਰਥੀ ਚ ਖੇਡ ਸਾਹਿਤ ਪ੍ਰਤੀ ਲਗਨ ਪੈਦਾ ਕਰਨ ਲਈ ਸਰੀਰਕ ਸਿੱਖਿਆ ਦੇ ਅਧਿਆਪਕ ਅਤੇ ਵੱਖ ਵੱਖ ਖੇਡਾਂ ਦੇ ਕੋਚ ਅਤੇ ਖੇਡ ਲੇਖਕ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਖਿਡਾਰੀ, ਖਿਡਾਰਨਾਂ ਜੇ ਪੂਰੀ ਲਗਨ, ਮਿਹਨਤ ਅਤੇ ਸ਼ਰਧਾ ਦੇ ਨਾਲ ਆਪਣੀ ਖੇਡ ਦੇ ਨਾਲ ਨਾਲ ਖੇਡ ਸਾਹਿਤ ਵੱਲ ਵੀ ਪੂਰਾ ਧਿਆਨ ਦੇਣ ਤਾਂ ਯਕੀਨਨ ਉਹ ਆਪਣੇ ਖੇਡ ਕਰੀਅਰ ਨੂੰ ਰੁਸ਼ਨਾ ਸਕਦੇ ਹਨ, ਕਾਮਯਾਬ ਬਣਾ ਸਕਦੇ ਹਨ। ਫਿਲਮ ‘ਚੱਕ ਦੇ ਇੰਡੀਆ’ ਦਾ ਥੀਮ ਗੀਤ ਐਸਾ ਖੇਡ ਗੀਤ ਹੈ ਜੋ ਸੱਚਮੁੱਚ ਕਿਸੇ ਖਿਡਾਰੀ ਦੇ ਜੁੱਸੇ ਚ ਆਹਲਾ ਕਾਰਗੁਜ਼ਾਰੀ ਲਈ ਜੋਸ਼ ਭਰਦਾ ਹੈ ਤੇ ਹਿੰਮਤ ਦਾ ਸੰਚਾਰ ਕਰਦਾ ਹੈ। ਜਦ ਤੱਕ ਅਸੀਂ ਖੇਡ ਸਾਹਿਤ ਦੀ ਮਹੱਤਤਾ ਨੂੰ ਨਹੀਂ ਸਮਝਦੇ, ਅਸੀਂ ਇਸ ਤੋਂ ਪ੍ਰੇਰਿਤ ਨਹੀਂ ਹੋ ਸਕਦੇ ਅਤੇ ਦੂਜੇ ਪਾਸੇ ਜਦ ਤੱਕ ਅਸੀਂ ਖੇਡ ਸਾਹਿਤ ਤੋਂ ਪ੍ਰਭਾਵਿਤ ਨਹੀਂ ਹੁੰਦੇ, ਅਸੀਂ ਇਸ ਦੀ ਮਹੱਤਤਾ ਨੂੰ ਨਹੀਂ ਸਮਝ ਸਕਦੇ। ਕੌਣ ਕਹਿੰਦੈ ਕਿ ਹਾਕੀ ਦੇ ਜਾਦੂਗਰ ਧਿਆਨ ਚੰਦ, ਗੋਲ ਕਿੰਗ ਬਲਬੀਰ ਸਿੰਘ, ਉੱਡਣਾ ਸਿੱਖ ਮਿਲਖਾ ਸਿੰਘ, ਉੱਡਣ ਪਰੀ ਪੀਟੀ ਊਸ਼ਾ, ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੇ ਥਰੋਅਰ ਨੀਰਜ ਚੋਪੜਾ ਵਰਗੇ ਮਹਾਨ ਓਲੰਪੀਅਨ ਖਿਡਾਰੀ/ਖਿਡਾਰਨਾਂ ਦੇ ਜੀਵਨ ਬਿਰਤਾਂਤ, ਸਾਡੀ ਨੌਜਵਾਨ ਪੀੜ੍ਹੀ ਨੂੰ ਕਿਸੇ ਵੱਡੀ ਮੰਜ਼ਿਲ ਨੂੰ ਸਰ ਕਰਨ ਦੀ ਸਮਰੱਥਾ ਨਹੀਂ ਰੱਖਦੇ? ਪਰ ਕੋਈ ਇਨ੍ਹਾਂ ਨੂੰ ਪੜ੍ਹੇ ਵੀ ਤੇ ਅਮਲ ਵੀ ਕਰੇ।
ਤੇਜਿੰਦਰਪਾਲ ਸਿੰਘ ਤੂਰ ਦਾ ਰਿਕਾਰਡ
ਇਸ ਨੂੰ ਇਤਫ਼ਾਕ ਕਹੋ ਜਾਂ ਕੁਦਰਤ ਦਾ ਕ੍ਰਿਸ਼ਮਾ ਕਿ 21 ਜੂਨ, 2021 ਨੂੰ 21.49 ਮੀਟਰ ਦੂਰ ਗੋਲਾ ਸੁੱਟ ਕੇ ਤੇਜਿੰਦਰਪਾਲ ਸਿੰਘ ਤੂਰ ਨੇ ਭਾਰਤ ਦਾ ਨੈਸ਼ਨਲ ਰਿਕਾਰਡ ਅਤੇ ਏਸ਼ਿਆਈ ਖੇਡਾਂ ਦਾ ਰਿਕਾਰਡ ਨਵਿਆਇਆ। 21, 21, 21 ਦਾ ਇਹ ਚਮਤਕਾਰ ਐੱਨਆਈਐੱਸ ਪਟਿਆਲੇ ਦੇ ਸਟੇਡੀਅਮ ਵਿਚ ਸੀਨੀਅਰ ਨੈਸ਼ਨਲ ਅਥਲੈਟਿਕ ਗ੍ਰੈਂਡ ਪ੍ਰਿਕਸ ਦੀ ਮੀਟ ਦੌਰਾਨ ਵਾਪਰਿਆ। ਉਸ ਤੋਂ ਪਹਿਲਾਂ 20.92 ਮੀਟਰ ਗੋਲਾ ਸੁੱਟਣ ਦਾ ਭਾਰਤੀ ਨੈਸ਼ਨਲ ਰਿਕਾਰਡ ਵੀ ਤੇਜਿੰਦਰਪਾਲ ਤੂਰ ਦੇ ਨਾਂ ਹੀ ਬੋਲਦਾ ਸੀ।
ਏਸ਼ੀਆ ਮਹਾਂਦੀਪ ਵਿਚ ਸਾਲ ਦੇ ਸਭ ਤੋਂ ਵੱਡੇ ਦਿਨ ਲਾਈ ਇਸ ਥਰੋਅ ਨੇ ਤੇਜੀ ਤੂਰ ਨੂੰ ਟੋਕੀਓ ਓਲੰਪਿਕ ਦੀ ਟਿਕਟ ਦਵਾ ਦਿੱਤੀ ਪਰ ਗੁੱਟ ਦੀ ਸੱਟ ਕਾਰਨ ਤੇਜੀ ਤੂਰ ਟੋਕੀਓ ਓਲੰਪਿਕਸ ਵਿਚ ਓਨੀ ਵਧੀਆ ਕਾਰਗੁਜ਼ਾਰੀ ਨਹੀਂ ਦਿਖਾ ਸਕਿਆ। ਓਲੰਪਿਕ ਖੇਡਾਂ ਤੋਂ ਮੁੜਨ ਉਪਰੰਤ ਉਸ ਨੇ ਗੁੱਟ ਦਾ ਉਪਰੇਸ਼ਨ ਕਰਵਾਇਆ ਗਿਆ। ਸੰਸਾਰ ਪੱਧਰ ਤੇ ਸ਼ਾਟ ਪੁੱਟ ਵਿਚ ਆਪਣੀ ਧਾਂਕ ਜਮਾਉਣ ਵਾਲਾ ਤੇਜਿੰਦਰਪਾਲ ਤੂਰ ਜ਼ਿਲ੍ਹਾ ਮੋਗਾ ਦੇ ਪਿੰਡ ਖੋਸਾ ਪਾਂਡੋ ਦਾ ਜੰਮਪਲ ਹੈ। ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਲਵਾ ਕਾਲਜ ਬਠਿੰਡਾ ਵਿਚ ਬੀਪੀਐੱਡ ਚ ਦਾਖ਼ਲਾ ਲਿਆ ਸੀ ਤੇ ਨਾਲ ਹੀ ਉਹ ਕੋਚ ਮਹਿੰਦਰ ਸਿੰਘ ਢਿੱਲੋਂ ਤੋਂ ਸ਼ਾਟ ਪੁੱਟ ਦੇ ਗੁਰ ਸਿੱਖਣ ਲੱਗਾ ਸੀ।
ਕਹਿੰਦੇ ਹਨ, ਹੋਣਹਾਰ ਖਿਡਾਰੀ ਦਾ ਪਤਾ ਸਕੂਲ ਕਾਲਜ ਵਿਚ ਪੜ੍ਹਦਿਆਂ ਹੀ ਲੱਗ ਜਾਂਦਾ ਹੈ। ਇਸ ਦੀ ਮਿਸਾਲ 2013 ਵਿਚ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਦੇਖਣ ਨੂੰ ਮਿਲੀ ਜਿਸ ਦੀ ਮੇਜ਼ਬਾਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤੀ ਗਈ ਸੀ। ਇਸ ਮੁਕਾਬਲੇ ਵਿਚ ਤੇਜਿੰਦਰਪਾਲ ਸਿੰਘ ਮੇਜ਼ਬਾਨ ਯੂਨੀਵਰਸਿਟੀ ਵੱਲੋਂ ਸ਼ਾਟ ਪੁੱਟ ਮੁਕਾਬਲੇ ਵਿਚ ਅਵੱਲ ਆਇਆ ਸੀ। ਉਸ ਵੱਲੋਂ ਲਾਈ ਇੱਕ ਥਰੋਅ ਨੇ ਅੰਤਰ-ਯੂਨੀਵਰਸਿਟੀ ਰਿਕਾਰਡ ਦਰਸਾਉਂਦੀ ਲਾਈਨ ਦੇ ਚੂਨੇ ਨੂੰ ਹਵਾ ਵਿਚ ਉਡਾ ਦਿੱਤਾ ਸੀ। ਗੋਲੇ ਦੀ ਧਮਕ ਨਾਲ ਜਦ ਰਿਕਾਰਡ ਲਾਈਨ ਦਾ ਚੂਨਾ ਉਡਿਆ ਤਾਂ ਮੇਰੇ ਨਾਲ ਡਿਊਟੀ ਦੇ ਰਹੇ ਟੈਕਨੀਕਲ ਆਫੀਸ਼ਲਾਂ ਨੂੰ ਲੱਗਾ ਕਿ ਪੰਜਾਬੀ ਯੂਨੀਵਰਸਿਟੀ ਦੇ ਇਸ ਮਾਣਮੱਤੇ ਗੱਭਰੂ ਨੇ ਪਿਛਲਾ ਇੰਟਰਵਰਸਿਟੀ ਰਿਕਾਰਡ ਤੋੜ ਦਿੱਤਾ ਹੈ ਪਰ ਜਦ ਉਸ ਨੂੰ ਮਿਣਿਆ ਗਿਆ ਤਾਂ ਉਹ 2 ਸੈਂਟੀਮੀਟਰ ਘੱਟ ਨਿਕਲਿਆ। ਓਸ ਵੇਲੇ ਇੰਟਰਵਰਸਿਟੀ ਰਿਕਾਰਡ 18.45 ਮੀਟਰ ਸੀ ਜਦ ਕਿ ਤੂਰ ਨੇ 18.43 ਮੀਟਰ ਗੋਲਾ ਸੁੱਟਿਆ ਸੀ। ਇਸ ਘਟਨਾ ਦਾ ਬਤੌਰ ਟੈਕਨੀਕਲ ਆਫੀਸ਼ਲ ਮੈਂ ਗਵਾਹ ਬਣਿਆ ਜੋ ਓਸ ਸਮੇਂ ਉੱਥੇ ਡਿਊਟੀ ਦੇ ਰਿਹਾ ਸਾਂ।
ਉਸਤਾਦ ਮਹਿੰਦਰ ਸਿੰਘ ਢਿੱਲੋਂ ਦੇ ਚੰਡੇ ਚੇਲੇ ਨੇ ਜੂਨ 2017 ਵਿਚ, ਪਟਿਆਲੇ ਵਿਖੇ ਹੋਈ ਫੈਡਰੇਸ਼ਨ ਕੱਪ ਸੀਨੀਅਰ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਵਿਚ 20.40 ਮੀਟਰ ਦੂਰ ਗੋਲਾ ਸੁੱਟ ਕੇ ਨਵਾਂ ਮੀਟ ਰਿਕਾਰਡ ਰੱਖਿਆ ਸੀ। ਤੂਰ ਓਸ ਵੇਲੇ 20 ਮੀਟਰ ਦਾ ਮਾਰਕ ਪਾਰ ਕਰਨ ਵਾਲਾ ਪੰਜਾਂ ਦਰਿਆਵਾਂ ਦੀ ਧਰਤੀ ਦਾ ਤੀਜਾ ਸ਼ਾਟਪੁੱਟਰ ਸੀ। ਇਸ ਤੋਂ ਪਹਿਲਾਂ ਸਾਬਕਾ ਏਸ਼ਿਆਈ ਚੈਂਪੀਅਨ ਬਹਾਦਰ ਸਿੰਘ ਸੱਗੂ ਤੇ ਇੰਦਰਜੀਤ ਸਿੰਘ ਨੂੰ ਇਹ ਮਾਣ ਹਾਸਿਲ ਸੀ।
ਬੁਲੰਦੀਆਂ ਸਰ ਕਰ ਰਹੇ ਤੇਜਿੰਦਰਪਾਲ ਤੂਰ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦ ਉਸ ਦੇ ਪਿਤਾ ਕਰਮ ਸਿੰਘ ਨੂੰ ਕੈਂਸਰ ਦੀ ਬਿਮਾਰੀ ਨੇ ਜਕੜ ਲਿਆ। ਇਲਾਜ ਕਰਾਉਣ ਦੀ ਦੌੜ ਭੱਜ ਵਿਚ ਉਸ ਨੇ ਭੁਵਨੇਸ਼ਵਰ ਵਿਖੇ 2017 ਦੀ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿਚ 19.77 ਮੀਟਰ ਗੋਲਾ ਸੁੱਟਿਆ। ਉਦੋਂ ਕੈਂਸਰ ਨਾਲ ਜੂਝ ਰਹੇ ਪਿਤਾ ਦੀ ਸੇਵਾ ਕਰਦਿਆਂ ਉਹਦੀ ਸ਼ਾਟ ਪੁੱਟ ਦੀ ਪ੍ਰੈਕਟਿਸ ਰੈਗੂਲਰ ਨਹੀਂ ਸੀ ਰਹੀ ਪਰ ਤੇਜਿੰਦਰਪਾਲ ਦੇ ਦ੍ਰਿੜ ਇਰਾਦੇ ਨੇ ਉਸ ਨੂੰ ਰੁਕਣ ਨਾ ਦਿੱਤਾ। ਇਸ ਔਖੀ ਘੜੀ ਵਿਚ ਉਨ੍ਹਾਂ ਦੇ ਪਿਤਾ ਅਤੇ ਪਰਿਵਾਰ ਨੇ ਤੂਰ ਦਾ ਹੌਸਲਾ ਵਧਾਇਆ ਅਤੇ 2018 ਦੀਆਂ ਏਸ਼ਿਆਈ ਖੇਡਾਂ ਵਿਚ ਭਾਰਤ ਦਾ ਨਾਂ ਉੱਚਾ ਕਰਨ ਲਈ ਪ੍ਰੇਰਿਆ।
ਕਿਹਾ ਜਾਂਦਾ ਹੈ, ‘ਹਿੰਮਤੇ ਮਰਦਾਂ, ਮਦਦ-ਏ-ਖ਼ੁਦਾ’। 25 ਅਗਸਤ 2018 ਨੂੰ ਤੂਰ ਦੀ ਸਖ਼ਤ ਮਿਹਨਤ ਨੂੰ ਬੂਰ ਪਿਆ ਜਦ ਉਸ ਨੇ ਜਕਾਰਤਾ ਦੀਆਂ ਏਸ਼ਿਆਈ ਖੇਡਾਂ ਵਿਚ 20.75 ਮੀਟਰ ਦੀ ਥ੍ਰੋਅ ਨਾਲ ਏਸ਼ਿਆਈ ਖੇਡਾਂ ਦਾ ਰਿਕਾਰਡ ਆਪਣੇ ਨਾਂ ਕੀਤਾ ਅਤੇ ਸੋਨੇ ਦਾ ਤਗਮਾ ਜਿੱਤ ਕੇ ਵਿਸ਼ਵ ਵਿਚ ਭਾਰਤ ਦਾ ਨਾਂ ਚਮਕਾਇਆ। ਪਰ ਕੁਦਰਤ ਦਾ ਭਾਣਾ ਕਿ ਤੇਜਿੰਦਰਪਾਲ ਦੇ ਭਾਰਤ ਪਰਤਣ ਤੋਂ ਪਹਿਲਾਂ ਹੀ ਉਸ ਦੇ ਪਿਤਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਏਸ਼ੀਆ ਦਾ ਗੋਲਡ ਮੈਡਲ ਜਿੱਤਣ ਸਦਕਾ ਤੇਜਿੰਦਰਪਾਲ ਤੂਰ ਅਤੇ ਉਸ ਦੇ ਉਸਤਾਦ ਮਹਿੰਦਰ ਸਿੰਘ ਢਿੱਲੋਂ ਨੂੰ ਭਾਰਤ ਸਰਕਾਰ ਵੱਲੋਂ 2019 ਵਿਚ ਅਰਜੁਨ ਅਵਾਰਡ ਅਤੇ ਦ੍ਰੋਣਾਚਾਰੀਆ ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਐੱਨਆਈਐੱਸ ਪਟਿਆਲਾ ਵਿਖੇ ਹੋਈ ਇੰਡੀਅਨ ਗ੍ਰਾਂਡ ਪ੍ਰਿਕਸ ਚੌਥੀ ਵਿਚ ਤੂਰ ਨੇ 21 ਜੂਨ, 2021 ਨੂੰ 16 ਪੌਂਡ ਦਾ ਗੋਲਾ 21.49 ਮੀਟਰ ਦੂਰ ਸੁੱਟ ਕੇ ਟੋਕੀਓ ਦੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਤਾਂ ਕੀਤਾ ਹੀ ਸੀ, ਉਹ ਪੰਜਾਬ ਅਤੇ ਭਾਰਤ ਦਾ 21 ਮੀਟਰੀ ਬੈਰੀਅਰ ਪਾਰ ਕਰਨ ਵਾਲਾ ਪਹਿਲਾ ਸ਼ਾਟਪੁੱਟਰ ਬਣ ਗਿਆ। ਇਹ ਕ੍ਰਿਸ਼ਮਾ ਕਰਨ ਵਾਲਾ ਉਹ ਏਸ਼ੀਆ ਦਾ ਦੂਜਾ ਸ਼ਾਟਪੁੱਟਰ ਹੈ। ਉਸ ਵੱਲੋਂ ਲਾਈ ਥਰੋਅ ਨੇ ਏਸ਼ੀਆ ਦੇ 12 ਸਾਲ ਪੁਰਾਣੇ 21.13 ਮੀਟਰ ਦੇ ਰਿਕਾਰਡ ਨੂੰ ਤੋੜਿਆ ਹੈ ਜੋ ਪਹਿਲਾਂ ਸਾਊਦੀ ਅਰਬ ਦੇ ਸੁਲਤਾਨ ਅਲ ਹਬਸ਼ੀ ਦੇ ਨਾਂ ਬੋਲਦਾ ਸੀ। ਭਾਰਤ ਸਮੇਤ ਦੁਨੀਆ ਦੀਆਂ ਨਜ਼ਰਾਂ ਹੁਣ ਪਿੰਡ ਖੋਸਾ ਪਾਡੋਂ ਦੇ ਇਸ ਗੱਭਰੂ ਤੇ ਟਿਕੀਆਂ ਹੋਈਆਂ ਹਨ। ਸੰਭਵ ਹੈ, ਉਹ 2024 ਵਿਚ ਪੈਰਿਸ ਦੀਆਂ ਓਲੰਪਿਕ ਖੇਡਾਂ ਵਿਚੋਂ ਗੋਲੇ ਦਾ ਕੋਈ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਸ਼ਾਟਪੁੱਟਰ ਹੋਣ ਦਾ ਮਾਣ ਹਾਸਲ ਕਰ ਲਵੇ!
ਮੇਰੀ ਪੀਐੱਚਡੀ ਦਾ ਸਿੱਟਾ
ਮੇਰੀ ਪੀਐੱਚਡੀ ਦੀ ਖੋਜ ਉੱਤਰ ਭਾਰਤੀ ਰਾਜਾਂ ਦੇ ਅੰਡਰ-14 ਫੁੱਟਬਾਲਰਾਂ ਦੇ ਮੋਟਰ ਫਿਟਨੈੱਸ ਅਤੇ ਕੋਆਰਡੀਨੇਟਿਵ ਯੋਗਤਾ ਪੱਧਰ ਦੇ ਤੁਲਨਾਤਮਕ ਅਧਿਐਨ ਤੇ ਆਧਾਰਿਤ ਸੀ। ਖੋਜ ਦੇ ਆਧਾਰ ਤੇ ਇਹ ਸਿੱਟਾ ਕੱਢਿਆ ਗਿਆ ਕਿ ਚੰਡੀਗੜ੍ਹ, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਰਾਜਾਂ ਦੇ ਫੁੱਟਬਾਲ ਖਿਡਾਰੀਆਂ ਵਿਚਕਾਰ ਹੁਨਰ ਦੇ ਪ੍ਰਦਰਸ਼ਨ ਚ ਵਿਭਿੰਨਤਾ ਮੌਜੂਦ ਹੈ। ਇਹ ਵੀ ਸਿੱਟਾ ਕੱਢਿਆ ਗਿਆ ਕਿ ਹੁਨਰ ਪ੍ਰਦਰਸ਼ਨ ਦੇ ਸਬੰਧ ਵਿਚ ਮੋਟਰ ਫਿਟਨੈੱਸ ਕੰਪੋਨੈਂਟਾਂ ਦੀ ਗਤੀ ਤੇ ਮਾਸਪੇਸ਼ੀ ਦੀ ਤਾਕਤ ਅਤੇ ਫੁੱਟਬਾਲ ਖਿਡਾਰੀਆਂ ਦੀ ਸਹਿਣਸ਼ੀਲਤਾ ਵਿਚ ਮਹੱਤਵਪੂਰਨ ਅੰਤਰ ਮੌਜੂਦ ਸਨ।
ਪੰਜਾਬ ਅਤੇ ਹਰਿਆਣੇ ਦੇ ਫੁੱਟਬਾਲਰ ਸਰੀਰਕ ਤਾਕਤ ਅਤੇ ਜ਼ੋਰ ਵਿਚ ਚੰਗੇ ਸਨ। ਜਦ ਕਿ ਹਿਮਾਚਲ, ਦਿੱਲੀ ਅਤੇ ਚੰਡੀਗੜ੍ਹ ਦੇ ਖ਼ਿਡਾਰੀਆਂ ਦੀ ਸਕਿੱਲ ਬਹੁਤ ਚੰਗੀ ਸੀ। ਹਿਮਾਚਲ ਪ੍ਰਦੇਸ਼ ਦੇ ਖਿਡਾਰੀਆਂ ਦਾ ਦਮ ਵੀ ਕਾਬਲੇ ਤਾਰੀਫ਼ ਸੀ ਕਿਉਂਕਿ ਉਹ ਪਹਾੜਾਂ (ਹਾਈ ਆਲਟੀਚਿਊਡ) ਉੱਤੇ ਟ੍ਰੇਨਿੰਗ ਕਰਦੇ ਸਨ। ਜੇਕਰ ਕੱਦ ਕਾਠ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਮੁੰਡੇ ਪੰਜਾਬ ਦੇ ਮੁੰਡਿਆਂ ਨਾਲੋਂ ਥੋੜੇ ਤਗੜੇ ਸਨ। ਫਿਰ ਤਰਤੀਬਵਾਰ ਦਿੱਲੀ, ਚੰਡੀਗੜ੍ਹ ਅਤੇ ਹਿਮਾਚਲ ਦੇ ਜੁਆਨ ਦੇਖੇ ਗਏ।
ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ, ਜੇਕਰ ਸਾਡਾ ਮੁਲਕ ਸਬ ਜੂਨੀਅਰ ਅਤੇ ਜੂਨੀਅਰ ਪੱਧਰ ਤੇ ਮੋਟਰ ਫਿੱਟਨੈੱਸ ਅਤੇ ਉਨ੍ਹਾਂ ਦੀਆਂ ਕੋਆਰਡੀਨੇਟਿਵ ਯੋਗਤਾਵਾਂ ਦੀ ਟ੍ਰੇਨਿੰਗ ਵੱਲ ਉਚੇਚਾ ਧਿਆਨ ਦੇਵੇ ਤਾਂ ਸਾਡੇ ਫੁੱਟਬਾਲਰ ਵਿਸ਼ਵ ਪੱਧਰ ਤੇ ਮੱਲਾਂ ਮਾਰ ਸਕਦੇ ਹਨ। ਸਿਰਫ਼ ਖਿਡਾਉਣ ਦੇ ਅਭਿਆਸ ਨਾਲ ਹੀ ਫੁੱਟਬਾਲ ਵਿਚ ਮਹਾਰਤ ਹਾਸਲ ਨਹੀਂ ਹੋ ਸਕਦੀ ਸਗੋਂ ਸਾਨੂੰ ਬਚਪਨ ਤੋਂ ਹੀ ਫੁੱਟਬਾਲਰਾਂ ਦੀਆਂ ਸਰੀਰਕ ਯੋਗਤਾਵਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਸੰਪਰਕ: principalsarwansingh@gmail.com