ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਜੂਨ
ਸਬ ਤਹਿਸੀਲ ਮਾਛੀਵਾੜਾ ਵਿੱਚ ਤਾਇਨਾਤ ਕਾਨੂੰਨਗੋ ਬਲਜੀਤ ਸਿੰਘ ਦੀ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਰਿਸ਼ਵਤ ਲੈਂਦੇ ਬਣਾਈ ਗਈ ਵੀਡੀਓ ਤੋਂ ਬਾਅਦ ਹੁਣ ਲੁਧਿਆਣਾ ਦੇ ਨੌਜਵਾਨ ਪ੍ਰੋਫੈਸਰ ਕੋਮਲ ਗੁਰਨੂਰ ਸਿੰਘ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਦੋਸ਼ ਲਾਏ ਕਿ ਇਸੇ ਕਾਨੂੰਨਗੋ ਨੂੰ ਸਾਲ 2019 ਵਿੱਚ ਵੀ ਇੱਕ ਮਾਮਲੇ ਵਿੱਚ ਰੰਗੇ ਹੱਥੀਂ ਫੜਿਆ ਗਿਆ ਸੀ। ਉਦੋਂ ਇਹ ਕਾਨੂਨਗੋ ਪਟਵਾਰੀ ਸੀ, ਪਰ ਡਿਵੀਜ਼ਨਲ ਕਮਿਸ਼ਨਰ ਪਟਿਆਲਾ ਵੱਲੋਂ ਕਾਰਵਾਈ ਕਰਨ ਲਈ ਚਿੱਠੀ ਲਿਖਣ ਦੇ ਬਾਵਜੂਦ ਇਸ ’ਤੇ ਕੋਈ ਕਾਰਵਾਈ ਨਹੀਂ ਹੋਈ ਬਲਕਿ ਇਸ ਨੂੰ ਪਟਵਾਰੀ ਤੋਂ ਕਾਨੂੰਨਗੋ ਬਣਾ ਦਿੱਤਾ ਗਿਆ। ਡੀਸੀ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਕੋਮਲ ਗੁਰਨੂਰ ਸਿੰਘ ਨੇ ਦੱਸਿਆ ਕਿ 2019 ਵਿੱਚ ਡਿਵੀਜ਼ਨਲ ਕਮਿਸ਼ਨਰ ਨੇ ਡੀਸੀ ਨੂੰ ਹੁਕਮ ਜਾਰੀ ਕਰ ਕੇ ਇਸੇ ਬਲਜੀਤ ਸਿੰਘ ਪਟਵਾਰੀ ਖ਼ਿਲਾਫ਼ ਦਫ਼ਤਰੀ ਕਾਰਵਾਈ ਤੇ ਪੁਲੀਸ ਕਾਰਵਾਈ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ ਪਰ ਉਦੋਂ ਵੀ ਉਨ੍ਹਾਂ ਦੇ ਹੁਕਮਾਂ ਦਾ ਕੋਈ ਫਾਇਦਾ ਨਹੀਂ ਹੋਇਆ ਸੀ। ਇਸ ਦੇ ਉਪਰ ਤੱਕ ਲਿੰਕ ਸਨ ਜਿਸ ਕਰਕੇ ਇਸ ’ਤੇ ਕਾਰਵਾਈ ਨਹੀਂ ਹੋਈ। ਬਲਜੀਤ ਸਿੰਘ ਖ਼ਿਲਾਫ਼ ਥਾਣਾ ਸਲੇਮ ਟਾਬਰੀ ਵਿੱਚ ਕੇਸ ਦਰਜ ਹੋਇਆ ਸੀ ਤੇ ਉਸ ਮਾਮਲੇ ਵਿੱਚ ਇਹ ਡੇਢ ਮਹੀਨਾ ਜੇਲ੍ਹ ਵੀ ਕੱਟ ਕੇ ਆਇਆ ਸੀ। ਇਸ ਦੇ ਬਾਵਜੂਦ ਇਸ ਨੂੰ ਪਟਵਾਰੀ ਤੋਂ ਕਾਨੂੰਨਗੋ ਬਣਾ ਦਿੱਤਾ ਗਿਆ। ਜੇਲ੍ਹ ਤੋਂ ਵਾਪਸ ਆਉਣ ਤੋਂ ਬਾਅਦ ਬਲਜੀਤ ਸਿੰਘ ਨੇ ਫਿਰ ਨੌਕਰੀ ਜੁਆਇਨ ਕਰ ਲਈ। ਨੌਜਵਾਨ ਨੇ ਦੋਸ਼ ਲਾਏ ਕਿ ਅਗਰ ਕਿਸੇ ਖ਼ਿਲਾਫ਼ ਕੇਸ ਦਰਜ ਹੈ ਤੇ ਉਹ ਉਸ ਮਾਮਲੇ ਵਿੱਚ ਜੇਲ੍ਹ ਵੀ ਕੱਟ ਕੇ ਆਇਆ ਹੈ ਤਾਂ ਉਸਨੂੰ ਆਖ਼ਰ ਪ੍ਰਮੋਸ਼ਨ ਕਿਵੇਂ ਦੇ ਦਿੱਤੀ ਗਈ? ਕਿਵੇਂ ਇਹ ਪਟਵਾਰੀ ਤੋਂ ਕਾਨੂੰਨਗੋ ਪ੍ਰਮੋਟ ਹੋ ਗਿਆ ਤੇ ਜਨਤਾ ਨਾਲ ਸਬੰਧਤ ਸੀਟ ’ਤੇ ਬੈਠ ਗਿਆ?
ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਮਾਮਲੇ ਵਿੱਚ ਕਿਸੇ ’ਤੇ ਕੇਸ ਦਰਜ ਕਰਵਾਉਣ ਆਸਾਨ ਹੈ ਪਰ ਉਸਨੂੰ ਸਾਬਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪਟਵਾਰੀ ਖ਼ਿਲਾਫ਼ ਪਹਿਲਾਂ ਵੀ ਉਨ੍ਹਾਂ ਦੀ ਸੰਸਥਾ ਨੇ ਹੀ ਮੋਰਚਾ ਖੋਲ੍ਹਿਆ ਸੀ। ਹੁਣ ਉਹ ਸਾਰੇ ਦਸਤਾਵੇਜ਼ ਵਿਧਾਇਕ ਦਿਆਲਪੁਰ ਨੂੰ ਭੇਜਣਗੇ ਤਾਂ ਕਿ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।