ਮੁਕੇਸ਼ ਕੁਮਾਰ
ਚੰਡੀਗੜ੍ਹ, 27 ਜੂਨ
ਕਰੋਨਾ ਦੇ ਟਾਕਰੇ ਲਈ ਟੀਕਾਕਰਨ ਤਹਿਤ ਇਥੋਂ ਦੇ ਸੈਕਟਰ 32 ਏ ਦੀ ਰੈਜ਼ੀਡੈਂਟਸ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਅੱਜ ਇਥੇ ਸੈਕਟਰ 32 ਦੇ ਸੌਪਿੰਸ ਸਕੂਲ ਵਿੱਚ 18+ ਉਮਰ ਦੇ ਲੋਕਾਂ ਲਈ ਟੀਕਾਕਰਨ ਕੈਂਪ ਲਾਇਆ ਗਿਆ। ਸਰਕਰੀ ਮਲਟੀ ਸਪੈਸ਼ਲਟੀ ਹਸਪਤਾਲ ਸੈਕਟਰ 16 ਦੀ ਟੀਮ ਨੇ ਡਾਕਟਰ ਅਭਿਸ਼ੇਕ ਕਪਿਲਾ ਦੀ ਨਿਗਰਾਨੀ ਹੇਠ 80 ਜਣਿਆਂ ਨੂੰ ਕਰੋਨਾ ਤੋਂ ਬਚਾਅ ਲਈ ਟੀਕੇ ਲਗਾਏ। ਮੁੱਖ ਮਹਿਮਾਨ ਚੰਡੀਗੜ੍ਹ ਦੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾਕਟਰ ਮਨਜੀਤ ਸਿੰਘ ਤਰੇਹਨ ਨੇ ਕਿਹਾ ਕਿ ਕਰੋਨਾ ਟੀਕਾਕਰਨ ਦਾ ਸਿਹਤ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਐਸੋਸੀਏਸ਼ਨ ਦੇ ਜਨਰਲ ਸਕੱਤਰ ਸਤੀਸ਼ ਕਤਿਆਲ ਨੇ ਦੱਸਿਆ ਕਿ ਕੈਂਪ ਵਿੱਚ ਕੁੱਲ 80 ਜਣਿਆਂ ਐਂਟੀ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਾਈ ਗਈ ਹੈ। ਇਸ ਮੌਕੇ ਐਸੋਸੀਏਸ਼ਨ ਹੋਰ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ।
ਲਾਲੜੂ (ਸਰਬਜੀਤ ਸਿੰਘ ਭੱਟੀ): ਕਰੋਨਾ ਦੇ ਟਾਕਰੇ ਲਈ ਟੀਕਾਕਰਨ ਤਹਿਤ ਸੰਤ ਨਿੰਰਕਾਰੀ ਸਤਿਸੰਗ ਭਵਨ ਲਾਲੜੂ ਵਿਖੇ ਕੈਂਪ ਦੌਰਾਨ 18+ ਉਮਰ ਵਾਲੇ 593 ਲੋਕਾਂ ਨੂੰ ਵੈਕਸੀਨ ਲਾਈ ਗਈ। ਬਰਾਂਚ ਦੇ ਮੁਖੀ ਓਮ ਪ੍ਰਕਾਸ਼ ਨੇ ਕਿਹਾ ਕਿ ਮਿਸ਼ਨ ਵੱਲੋਂ ਕੈਂਪ ’ਚ ਪੂਰਾ ਸਹਿਯੋਗ ਦਿੱਤਾ ਗਿਆ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਸਰਹਿੰਦ ਵੱਲੋਂ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ ਵਾਰਡ ਨੰਬਰ 16 ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਰਹਿੰਦ ਮੰਡੀ ’ਚ ਕਰੋਨਾ ਖ਼ਿਲਾਫ਼ ਦੂਜੇ ਕੈਪ ’ਚ 254 ਜਣਿਆਂ ਦਾ ਟੀਕਾਕਰਨ ਕੀਤਾ ਗਿਆ। ਸੀਨੀਅਰ ਮੈਡੀਕਲ ਅਫ਼ਸਰ ਕੁਲਦੀਪ ਸਿੰਘ ਨੇ ਕਰੋਨਾ ਟੀਕਾਕਰਨ ਸਬੰਧੀ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
ਰੂਪਨਗਰ (ਪੱਤਰ ਪ੍ਰੇਰਕ): ਜ਼ਿਲ੍ਹਾ ਪ੍ਰਸ਼ਾਸਨ ਦੇ ਤਾਲਮੇਲ ਨਾਲ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਦਫ਼ਤਰ ਵਿੱਚ ਕਰੋਨਾ ਟੀਕਾਕਰਨ ਕੈਂਪ ਲਵਾਇਆ। ਕੈਂਪ ਦਾ ਜੁਡੀਸ਼ੀਅਲ ਅਫਸਰ, ਕੋਰਟ ਸਟਾਫ ਤੇ ਵਕੀਲਾਂ ਨੇ ਟੀਕਾ ਲਗਵਾਇਆ।
ਘਨੌਲੀ (ਪੱਤਰ ਪ੍ਰੇਰਕ): ਸਿਹਤ ਵਿਭਾਗ ਦੀ ਟੀਮ ਵੱਲੋਂ ਜੈ ਅੰਬੇ ਫਿਲਿੰਗ ਸਟੇਸ਼ਨ ਭਰਤਗੜ੍ਹ ਵਿੱਚ 28 ਜੂਨ ਨੂੰ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਕੈਂਪ ਲਗਾਇਆ ਜਾ ਰਿਹਾ ਹੈ। ਜੈ ਅੰਬੇ ਫਿਲਿੰਗ ਸਟੇਸ਼ਨ ਭਰਤਗੜ੍ਹ ਦੇ ਮਾਲਕ ਸ਼ਿਵ ਕੁਮਾਰ ਜਗੋਤਾ ਨੇ ਦੱਸਿਆ ਕਿ ਕੈਂਪ ਸਵੇਰੇ ਨੌਂ ਵਜੇ ਤੋਂ ਬਾਅਦ ਦੁਪਹਿਰ ਦੋ ਵਜੇ ਤਕ ਲਾਇਆ ਜਾਵੇਗਾ।