ਮਿਹਰ ਸਿੰਘ
ਕੁਰਾਲੀ, 12 ਜਨਵਰੀ
ਕਾਂਗਰਸ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਅਪਣਾਈ ਲਾਰੇ ਲੱਪੇ ਵਾਲੀ ਨੀਤੀ ਨੇ ਪਿਛਲੇ ਇੱਕ ਦਹਾਕੇ ਤੋਂ ਰੁਜ਼ਗਾਰ ਦੀ ਆਸ ਲਾਈ ਬੈਠੇ ਡਰਾਇੰਗ ਅਧਿਆਪਕਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ।
ਇਸ ਸਬੰਧੀ ਬੇਰੁਜ਼ਗਾਰ ਆਰਟ ਐਂਡ ਕਰਾਫਟ ਡਿਪਲੋਮਾ ਹੋਲਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਗਿੱਦੜਬਾਹਾ, ਸਰਬਜੀਤ ਕੌਰ ਜਲਾਲਾਬਾਦ, ਧਰਮਪਾਲ ਸਿੰਘ ਪਟਿਆਲਾ, ਮਨਦੀਪ ਕੌਰ ਭਾਦਸੋਂ, ਤਰੁਣ ਕੁਮਾਰ ਕੁਰਾਲੀ, ਰਮਨਦੀਪ ਮਾਲੇਰਕੋਟਲਾ ਤੇ ਹੋਰਨਾਂ ਨੇ ਦੱਸਿਆ ਕਿ ਆਰਟ ਐਂਡ ਕਰਾਫਟ ਡਿਪਲੋਮਾਧਾਰਕ ਪਿਛਲੇ 10 ਸਾਲਾਂ ਤੋਂ ਰੁਜ਼ਗਾਰ ਦੀ ਉਡੀਕ ਕਰ ਰਹੇ ਹਨ ਪਰ ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਨੂੰ ਰੁਜ਼ਗਾਰ ਦੇਣ ਲਈ ਇਸ ਵਿਸ਼ੇ ਦੀ ਕੋਈ ਭਰਤੀ ਨਹੀਂ ਕੀਤੀ।
ਸੰਦੀਪ ਸਿੰਘ ਨੇ ਦੱਸਿਆ ਕਿ ਸਕੂਲਾਂ ਵਿੱਚ ਇਸ ਵਿਸ਼ੇ ਲਈ 10ਵੀਂ ਜਮਾਤ ਅਤੇ ਆਰਟ ਐਂਡ ਕਰਾਫਟ ਦਾ 2 ਸਾਲਾ ਡਿਪਲੋਮਾ ਜ਼ਰੂਰੀ ਸੀ ਪਰ ਹੁਣ ਚੰਨੀ ਸਰਕਾਰ ਨੇ ਇਸ ਪੋਸਟ ਦੀ ਯੋਗਤਾ ਨੂੰ ਬੀ.ਏ. ਫਾਈਨ ਆਰਟਸ ਅਤੇ ਬੀ.ਐੱਡ ਬਣਾ ਦਿੱਤਾ ਹੈ ਜੋ ਸਰਾਸਰ ਗਲਤ ਹੈ।
ਸੰਦੀਪ ਸਿੰਘ ਅਤੇ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਵੀ ਪੰਜਾਬ ਦੀਆਂ ਸਾਰੀਆਂ ਸਰਕਾਰੀ ਆਈਟੀਆਈ ਵਿੱਚ 10ਵੀਂ ਜਮਾਤ ਤੋਂ ਬਾਅਦ ਦੋ ਸਾਲਾਂ ਦਾ ਆਰਟ ਐਂਡ ਕਰਾਫਟ ਡਿਪਲੋਮਾ ਕੀਤਾ ਜਾ ਰਿਹਾ ਹੈ, ਜਦਕਿ ਸਰਕਾਰ ਇਹ ਡਿਪਲੋਮਾ ਕਰਨ ਵਾਲੇ ਹਜ਼ਾਰਾਂ ਨੌਜਵਾਨਾਂ ਨਾਲ ਧੋਖਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਨੀਤੀ ਖ਼ਿਲਾਫ਼ 15 ਜਨਵਰੀ ਨੂੰ ਲੁਧਿਆਣਾ ਵਿੱਚ ਇੱਕ ਮੀਟਿੰਗ ਰੱਖੀ ਗਈ ਹੈ ਜਿਸ ਦੌਰਾਨ ਇਸ ਨੀਤੀ ਖ਼ਿਲਾਫ਼ ਰਣਨੀਤੀ ਬਣਾਈ ਜਾਵੇਗੀ।