ਬਹਾਦਰ ਸਿੰਘ ਗੋਸਲ
ਕਦੇ ਸਮਾਂ ਹੁੰਦਾ ਸੀ ਕਿ ਅੱਜ ਵਾਂਗ ਥਾਂ-ਥਾਂ ਰੋਸ਼ਨੀ ਜਾਂ ਘਰ-ਘਰ ਬਿਜਲੀ ਦੇ ਲਾਟੂ ਨਹੀਂ ਹੁੰਦੇ ਸਨ। ਲੋਕਾਂ ਦਾ ਜੀਵਨ ਹਨੇਰੇ ਵਿੱਚ ਹੀ ਬਸਰ ਹੋ ਰਿਹਾ ਸੀ। ਹਾਂ, ਕੁੱਝ ਚਾਨਣ ਕੁਦਰਤ ਵੱਲੋਂ ਹੀ ਚੰਦ ਦੀ ਚਾਨਣੀ ਨਾਲ ਪ੍ਰਾਪਤ ਹੋ ਜਾਂਦਾ ਸੀ। ਘਰਾਂ ਦੇ ਅੰਦਰ ਉਹ ਹਨੇਰੇ ਵਿੱਚ ਹੀ ਹੱਥ-ਪੈਰ ਮਾਰਦੇ ਰਹਿੰਦੇ। ਜੇ ਅੱਜ ਅਸੀਂ ਉਸ ਸਮੇਂ ਬਾਰੇ ਸੋਚੀਏ ਤਾਂ ਅੰਦਾਜ਼ਾ ਵੀ ਨਹੀਂ ਲੱਗਦਾ ਕਿ ਉਹ ਲੋਕ ਰੋਸ਼ਨੀ ਤੋਂ ਬਿਨਾਂ ਕਿਸ ਤਰ੍ਹਾਂ ਆਪਣਾ ਜੀਵਨ ਗੁਜ਼ਾਰਦੇ ਹੋਣਗੇ। ਹਨੇਰੇ ਵਿੱਚ ਹਰ ਕੰਮ ਕਰਨਾ ਮੁਸ਼ਕਿਲ ਹੁੰਦਾ ਹੀ ਸੀ।
ਕਹਿੰਦੇ ਹਨ ਕਿ ‘ਲੋੜ ਕਾਢ ਦੀ ਮਾਂ ਹੁੰਦੀ ਹੈ।’ ਇਸ ਲਈ ਕਿਸੇ ਰੋਸ਼ਨ ਦਿਮਾਗ਼ ਵੱਲੋਂ ਦੀਵੇ ਦੀ ਕਾਢ ਕੱਢ ਲਈ ਗਈ ਅਤੇ ਮਨੁੱਖ ਨੂੰ ਆਪਣੇ ਨਿਵਾਸ ’ਤੇ ਰਾਤ ਸਮੇਂ ਚਾਨਣ ਦੀ ਕਿਰਨ ਦਿਖਾਈ ਦੇਣ ਲੱਗੀ। ਇਸ ਦੀਵੇ ਦੀ ਲੋਅ ਵਿੱਚ ਮਨੁੱਖ ਕੁੱਝ ਛੋਟੇ ਮੋਟੇ ਕੰਮ ਕਰਨ ਲੱਗ ਪਿਆ। ਸ਼ੁਰੂ-ਸ਼ੁਰੂ ਵਿੱਚ ਕਿਸੇ ਕਟੋਰੀ ਜਾਂ ਠੁੱਠੀ ਵਿੱਚ ਤੇਲ ਪਾ ਕੇ ਰੂੰ ਦੀ ਬੱਤੀ ਰੱਖ ਕੇ ਦੀਵਾ ਜਗਾਇਆ ਜਾਂਦਾ ਸੀ। ਇਸ ਦੀਵੇ ਵਾਸਤੇ ਆਮ ਤੌਰ ’ਤੇ ਘਿਓ ਜਾਂ ਸਰੋਂ ਦੇ ਤੇਲ ਦਾ ਪ੍ਰਯੋਗ ਹੁੰਦਾ ਸੀ ਜੋ ਵਾਤਾਵਰਣ ਲਈ ਵੀ ਬਹੁਤ ਸ਼ੁੱਧ ਅਤੇ ਸੁਗੰਧਦਾਰ ਹੁੰਦਾ ਸੀ। ਇਸ ਦੀਵੇ ਨਾਲ ਮਨੁੱਖ ਦੀ ਚਾਨਣ ਦੀ ਲੋੜ ਕੁੱਝ ਹੱਦ ਤੱਕ ਪੂਰੀ ਹੋਣ ਲੱਗੀ। ਹਰ ਵਸਦੇ ਘਰ ਵਿੱਚ ਰਾਤ ਨੂੰ ਇਹ ਦੀਵਾ ਹੀ ਜੀਵਨ ਦੀ ਨਿਸ਼ਾਨੀ ਬਣ ਜਾਂਦਾ ਸੀ। ਲੋਕਾਂ ਦਾ ਖਿਆਲ ਹੁੰਦਾ ਸੀ ਕਿ ਜਿੱਥੇ ਦੀਵਾ ਬਲਦਾ ਹੈ, ਉੱਥੇ ਮਨੁੱਖ ਦਾ ਵਾਸਾ ਜ਼ਰੂਰ ਹੋਵੇਗਾ।
ਪੁਰਾਤਨ ਕਹਾਣੀਆਂ ਵਿੱਚ ਅਸੀਂ ਪੜ੍ਹਦੇ ਸੁਣਦੇ ਆਏ ਹਾਂ ਕਿ ਕਿਸ ਤਰ੍ਹਾਂ ਰਾਤ ਪੈਣ ’ਤੇ ਮੁਸਾਫਿਰ ਜਾਂ ਭੁੱਲੇ ਭਟਕੇ ਰਾਹੀ ਦੀਵੇ ਦਾ ਆਸਰਾ ਤੱਕ ਕੇ ਉੱਥੇ ਪਹੁੰਚ ਜਾਂਦੇ ਸਨ। ਪਰ ਉਦੋਂ ਆਬਾਦੀ ਘੱਟ ਹੁੰਦੀ ਸੀ ਅਤੇ ਕਹਾਣੀਆਂ ਅਨੁਸਾਰ ਬਾਰਾਂ-ਬਾਰਾਂ ਕੋਹਾਂ ’ਤੇ ਕਿਤੇ ਦੀਵਾ ਬਲਦਾ ਨਜ਼ਰ ਆਉਂਦਾ ਸੀ। ਪਰ ਭੁੱਲੇ ਭਟਕੇ ਮੁਸਾਫਿਰਾਂ ਲਈ ਇਹ ਚਾਨਣ-ਮੁਨਾਰਾ ਬਣ ਜਾਂਦਾ ਸੀ ਅਤੇ ਇੱਕ ਤਰ੍ਹਾਂ ਨਾਲ ਰਾਹ ਦਸੇਰੇ ਦਾ ਕੰਮ ਕਰਦਾ ਸੀ।
ਫਿਰ ਹੌਲੀ-ਹੌਲੀ ਦੀਵੇ ਦੇ ਰੂਪ ਵੀ ਬਦਲਦੇ ਗਏ। ਨਵੇਂ ਸਟੀਲ ਦੇ ਦੀਵੇ ਬਾਜ਼ਾਰਾਂ ਵਿੱਚ ਆਉਣ ਲੱਗੇ ਜਿਸ ’ਤੇ ਟੁੂਟੀ ਵਿੱਚ ਬੱਤੀ ਲਗਾ ਕੇ ਦੀਵੇ ਵਿੱਚ ਤੇਲ ਦੀ ਮਦਦ ਨਾਲ ਚਾਨਣ ਦਾ ਸੋਮਾ ਬਣਾਇਆ ਜਾਂਦਾ। ਸ਼ਾਮ ਨੂੰ ਸੂਰਜ ਦੇ ਛਿਪਣ ਤੋਂ ਬਾਅਦ ਹਨੇਰਾ ਹੁੰਦੇ ਹੀ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਦੀਵਾ ਜਗਾਇਆ ਜਾਂਦਾ। ਹਰ ਪਰਿਵਾਰ ਵਿੱਚ ਦੀਵੇ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਨੂੰ ਪੂਜਣਯੋਗ ਸਮਝਿਆ ਜਾਂਦਾ। ਕਈ ਸ਼ਰਧਾਵਾਨ ਲੋਕ ਤਾਂ ਦੀਵੇ ਨੂੰ ਬਾਲ ਕੇ ਨਮਸਕਾਰ ਕਰਦੇ। ਇਸੇ ਤਰ੍ਹਾਂ ਜਦੋਂ ਰਾਤ ਨੂੰ ਸੌਣ ਤੋਂ ਪਹਿਲਾ ਦੀਵਾ ਬੁਝਾਇਆ ਜਾਂਦਾ ਤਾਂ ਘਰ ਦੇ ਕਈ ਮੈਂਬਰ ਇਹ ਕਹਿੰਦੇ ਸੁਣੇ ਜਾਂਦੇ:
ਜਾਹ ਦੀਪਕ ਘਰ ਆਪਣੇ
ਸੁੱਖ ਦੀ ਰੈਣ ਗੁਜ਼ਾਰ
ਕੱਲ੍ਹ ਧਨ ਦੇ ਲਿਆਈਂ ਗੱਡੇ
ਨਾਲੇ ਆਈਂ ਆਪ।
ਇਸ ਤਰ੍ਹਾਂ ਸਮੇਂ ਦੇ ਨਾਲ-ਨਾਲ ਦੀਵੇ ਦਾ ਰੂਪ ਵੀ ਬਦਲਦਾ ਗਿਆ। ਥੋੜ੍ਹੀ ਸਮਾਜਿਕ ਤਰੱਕੀ ਹੋਣ ਦੇ ਨਾਲ ਦੀਵੇ ਦੀ ਥਾਂ ਲਾਲਟੈਣ ਨੇ ਲੈ ਲਈ, ਜਿਸ ਵਿੱਚ ਸ਼ੀਸ਼ੇ ਦੀ ਚਿਮਨੀ ਲੱਗੀ ਹੁੰਦੀ ਸੀ। ਇਸ ਲਾਲਟੈਣ ਦਾ ਇਹ ਫਾਇਦਾ ਹੁੰਦਾ ਸੀ ਕਿ ਇਸ ਦੀ ਬੱਤੀ ਹਵਾ ਜਾਂ ਹਨੇਰੀ ਵਿੱਚ ਬੁਝਦੀ ਨਹੀਂ ਸੀ ਅਤੇ ਇਹ ਲਗਾਤਾਰ ਬਲਦੀ ਰਹਿੰਦੀ ਸੀ। ਚਿਮਨੀ ਸ਼ੀਸ਼ੇ ਦੀ ਹੋਣ ਕਾਰਨ ਚੰਗੀ ਰੋਸ਼ਨੀ ਵੀ ਦੇ ਦਿੰਦੀ ਸੀ, ਜਦੋਂ ਕਿ ਦੀਵਾ ਹਵਾ ਵਿੱਚ ਬੁਝ ਜਾਂਦਾ ਸੀ। ਦੂਜਾ ਲਾਲਟੈਣ ਨੂੰ ਵਧੀਆ ਹੈਂਡਲ ਹੋਣ ਕਾਰਨ ਇੱਕ ਥਾਂ ਤੋਂ ਦੂਜੀ ਥਾਂ ਚੁੱਕ ਕੇ ਲੈ ਜਾਣਾ ਵੀ ਸੌਖਾ ਹੁੰਦਾ ਸੀ। ਇਸ ਨੂੰ ਬਲਦੀ ਕਰਨ ਲਈ ਮਿੱਟੀ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਸੀ ਜੋ ਲੋਕਾਂ ਨੂੰ ਆਪਣੇ ਘਰਾਂ ਵਿੱਚ ਰੱਖਣਾ ਪੈਂਦਾ ਸੀ। ਪਰ ਇਸ ਲਾਲਟੈਣ ਦੀ ਸ਼ੀਸ਼ੇ ਵਾਲੀ ਚਿਮਨੀ ਨੂੰ ਸਮੇਂ-ਸਮੇਂ ’ਤੇ ਸਾਫ਼ ਕਰਨਾ ਪੈਂਦਾ ਸੀ ਤਾਂ ਕਿ ਵੱਧ ਤੋਂ ਵੱਧ ਰੋਸ਼ਨੀ ਲਈ ਜਾ ਸਕੇ।
ਸ਼ੀਸ਼ੇ ਵਾਲੀ ਚਿਮਨੀ ਦਾ ਸਭ ਤੋਂ ਵੱਧ ਲਾਭ ਸਕੂਲਾਂ-ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਅਤੇ ਰਾਤ ਨੂੰ ਪਹਿਰਾ ਦੇਣ ਵਾਲੇ ਚੌਕੀਦਾਰਾਂ ਨੂੰ ਹੁੰਦਾ ਸੀ। ਰਾਤ ਸਮੇਂ ਹਨੇਰੀਆਂ ਗਲੀਆਂ ਵਿੱਚ ਚੌਕੀਦਾਰ ਇੱਕ ਹੱਥ ਸੋਟੀ ਅਤੇ ਦੂਜੇ ਹੱਥ ਸ਼ੀਸ਼ੇ ਵਾਲੀ ਲਾਲਟੈਣ ਲੈ ਕੇ ਚੱਲਦੇ ਦੇਖੇ ਜਾਂਦੇ ਸਨ। ਉਨ੍ਹਾਂ ਨੂੰ ਚਿਮਨੀ ਦੇ ਕਾਰਨ ਲਾਲਟੈਣ ਬੂਝਣ ਦਾ ਡਰ ਨਹੀਂ ਸੀ ਹੁੰਦਾ। ਇਸ ਤਰ੍ਹਾਂ ਸੋਟੀ ਅਤੇ ਚਿਮਨੀ ਵਾਲੀ ਲਾਲਟੈਣ ਚੌਕੀਦਾਰ ਦੇ ਪੱਕੇ ਮਿੱਤਰ ਬਣ ਗਏ ਸਨ। ਲਾਲਟੈਣ ਨੇ ਚੌਕੀਦਾਰ ਦੇ ਕੰਮ ਨੂੰ ਕਾਫ਼ੀ ਸੌਖਾ ਬਣਾ ਦਿੱਤਾ ਸੀ। ਇਸੇ ਤਰ੍ਹਾਂ ਵਿਦਿਆਰਥੀ ਵੀ ਲਾਲਟੈਣ ਦੀ ਰੋਸ਼ਨੀ ਦਾ ਆਨੰਦ ਲੈ ਕੇ ਪੜ੍ਹਨ ਵਿੱਚ ਮਸਤ ਹੋਣ ਲੱਗੇ। ਗਰਮੀ ਦੇ ਦਿਨਾਂ ਵਿੱਚ ਉਨ੍ਹਾਂ ਦੇ ਮਨਾਂ ਵਿੱਚ ਹਵਾ ਨਾਲ ਦੀਵਾ ਬੁਝਣ ਦਾ ਡਰ ਖ਼ਤਮ ਹੋਣ ਨਾਲ ਉਹ ਬਾਹਰ ਵਿਹੜਿਆਂ ਵਿੱਚ ਲਾਲਟੈਣ ਲੈ ਕੇ ਪੜ੍ਹਨ ਲੱਗੇ ਅਤੇ ਪੇਪਰਾਂ ਦੇ ਦਿਨਾਂ ਵਿੱਚ ਬੜੀ ਦੇਰ ਰਾਤ ਤੱਕ ਉਹ ਪੜ੍ਹਦੇ ਦੇਖੇ ਜਾਂਦੇ। ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਤਾਂ ਉਨ੍ਹਾਂ ਨੇ ਸ਼ਹਿਰਾਂ ਵਿੱਚ ਅਤੇ ਖਾਸ ਕਰਕੇ ਰੇਲਵੇ ਸਟੇਸ਼ਨਾਂ ’ਤੇ ਖੰਭੇ ਲਗਾ ਕੇ ਉੱਪਰ ਲਾਲਟੈਣ ਟਾਈਪ ਬੱਤੀਆਂ ਲਗਾ ਦਿੱਤੀਆਂ ਕਿਉਂਕਿ ਉਹ ਹਵਾ ਵਿੱਚ ਬੁੱਝਦੀਆਂ ਨਹੀਂ ਸਨ ਅਤੇ ਸਾਰੀ-ਸਾਰੀ ਰਾਤ ਚਾਨਣਾ ਦਿੰਦੀਆਂ ਸਨ। ਪਿੰਡਾਂ ਦੇ ਕਿਸਾਨ ਜਾਂ ਵਪਾਰੀ ਜਦੋਂ ਮਾਲ ਭਰਕੇ ਆਪਣੇ ਗੱਡੇ ਲੱਦ ਕੇ ਦੂਰ-ਦੂਰ ਜਾਂਦੇ ਸਨ ਤਾਂ ਉਹ ਬੜੇ ਸੁਵੱਖਤੇ ਚੱਲ ਪੈਂਦੇ ਅਤੇ ਹਨੇਰਾ ਹੋਣ ਕਰਕੇ ਉਹ ਆਪਣੇ ਗੱਡਿਆਂ ਹੇਠ ਲਾਲਟੈਣ ਲਟਕਾ ਲੈਂਦੇ। ਜਿੱਥੇ ਉਹ ਲਾਲਟੈਣ ਚਾਨਣ ਦਾ ਕੰਮ ਵੀ ਕਰਦੀ, ਉੱਥੇ ਹਨੇਰੇ ਵਿੱਚ ਇੰਡੀਕੇਟਰ ਦਾ ਕੰਮ ਵੀ ਦੇ ਜਾਂਦੀ। ਇਸ ਤਰ੍ਹਾਂ ਉਨ੍ਹਾਂ ਗੱਡੇ ਵਾਲਿਆਂ ਲਈ ਲਾਲਟੈਣ ਖਾਸ ਸਹੂਲਤ ਬਣ ਜਾਂਦੀ।
ਜਦੋਂ ਸਮੇਂ ਨੇ ਤਰੱਕੀ ਦਾ ਹੋਰ ਪੱਖ ਦੇਖਿਆ ਤਾਂ ਇਸ ਲਾਲਟੈਣ ਨੇ ਉੱਚੀ ਗੋਲ ਚਿਮਨੀ ਵਾਲੇ ਲੈਂਪ ਦਾ ਰੂਪ ਲੈ ਲਿਆ। ਪੜ੍ਹਨ ਵਾਲੇ ਬੱਚਿਆਂ ਦੇ ਘਰਾਂ ਵਿੱਚ ਤਾਂ ਇਸ ਲੈਂਪ ਨੂੰ ਤਰਜੀਹ ਦਿੱਤੀ ਜਾਂਦੀ ਕਿਉਂਕਿ ਇਹ ਲਾਲਟੈਣ ਤੋਂ ਵੱਧ ਰੋਸ਼ਨੀ ਦਿੰਦਾ ਅਤੇ ਥੋੜ੍ਹਾ ਪ੍ਰਭਾਵਸ਼ਾਲੀ ਵੀ ਹੁੰਦਾ। ਉਨ੍ਹਾਂ ਦਿਨਾਂ ਵਿੱਚ ਜਿਸ ਘਰ ਕੋਈ ਲੈਂਪ ਆਉਂਦਾ ਤਾਂ ਉਹ ਬੱਚੇ ਦੂਜੇ ਦਿਨ ਸਕੂਲ ਵਿੱਚ ਦੱਸਦੇ ਫਿਰਦੇ ਕਿ ਉਨ੍ਹਾਂ ਦੇ ਘਰ ਵਧੀਆ ਲੈਂਪ ਆ ਗਿਆ ਹੈ ਅਤੇ ਹੁਣ ਉਹ ਰਾਤ ਨੂੰ ਖੂਬ ਪੜ੍ਹਿਆ ਕਰਨਗੇ। ਸੱਚ ਵਿੱਚ ਹੀ ਉਸ ਲੈਂਪ ਨੇ ਪਿੰਡਾਂ ਦੇ ਬੱਚਿਆਂ ਵਿੱਚ ਰਾਤ ਨੂੰ ਪੜ੍ਹਨ ਦੀ ਆਦਤ ਪਾ ਦਿੱਤੀ ਸੀ। ਰੋਸ਼ਨੀ ਲਈ ਭਾਵੇਂ ਦੀਵਾ, ਲਾਲਟੈਣ ਜਾਂ ਲੈਂਪ ਵਰਤੇ ਜਾਂਦੇ ਸਨ, ਪਰ ਪੇਂਡੂ ਖੇਤਰ ਵਿੱਚ ਸਭ ਨੂੰ ਸਾਂਝਾ ਨਾਂ ਬੱਤੀ ਕਿਹਾ ਜਾਂਦਾ ਸੀ। ਇਸ ਲਈ ਰੋਸ਼ਨੀ ਪ੍ਰਾਪਤ ਕਰਨ ਲਈ ਪਿੰਡਾਂ ਦੇ ਲੋਕ ਕਿਸੇ ਨਾ ਕਿਸੇ ਬੱਤੀ ਦਾ ਪ੍ਰਯੋਗ ਕਰਦੇ। ਇਸ ਕਰਕੇ ਹੀ ਪੰਜਾਬੀ ਸੱਭਿਆਚਾਰ ਵਿੱਚ ਇਸ ਬੱਤੀ ਨੇ ਜਾਂ ਦੀਵੇ ਨੇ ਖੂਬ ਸਥਾਨ ਬਣਾਇਆ ਅਤੇ ਬਹੁਤ ਕਮਾਲ ਦੇ ਗੀਤ, ਬੋਲੀਆਂ ਜਾਂ ਕਵਿਤਾਵਾਂ ਇਸ ਬੱਤੀ ਬਾਰੇ ਸੁਣਨ ਨੂੰ ਮਿਲਦੀਆਂ। ਜਿਵੇਂ ਇਹ ਗੀਤ ਹਰ ਪੰਜਾਬੀ ਦੀ ਜ਼ੁਬਾਨ ’ਤੇ ਹੁੰਦਾ ਸੀ:
ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆਂ
ਗਲੀ ਭੁੱਲ ਨਾ ਜਾਵੇ ਚੰਨ ਮੇਰਾ।
ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਹੈ ਕਿ ਜਦੋਂ ਘਰਾਂ ਵਿੱਚ ਦੀਵੇ ਵਰਤੋਂ ਵਿੱਚ ਲਿਆਂਦੇ ਜਾਂਦੇ ਸਨ ਤਾਂ ਉਹ ਥੋੜ੍ਹੀ ਜਿਹੀ ਹਵਾ ਦੇ ਝੋਕੇ ਨਾਲ ਬੁੱਝ ਜਾਂਦੇ ਸਨ ਤਾਂ ਪਿੰਡਾਂ ਵਿੱਚ ਇਹ ਆਮ ਕਿਹਾ ਜਾਂਦਾ ਸੀ:
ਪੱਲਾ ਮਾਰ ਕੇ ਬੁਝਾ ਗਈ ਦੀਵਾ
ਅੱਖ ਨਾਲ ਗੱਲ ਕਰ ਗਈ।
ਇਸੇ ਤਰ੍ਹਾਂ ਗੀਤਾਂ ਜਾਂ ਪੰਜਾਬੀ ਬੋਲੀਆਂ ਵਿੱਚ ਦੀਵੇ ਜਾਂ ਬੱਤੀ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ:
ਹੁੱਲ ਗਈ, ਹੁੱਲ ਗਈ, ਹੁੱਲ ਗਈ ਵੇ
ਬੱਤੀ ਬਾਲ ਦੇ, ਚੁਬਾਰਾ ਤੇਰਾ ਭੁੱਲ ਗਈ ਵੇ।
ਸਾਡੇ ਤਿਉਹਾਰਾਂ ਵਿੱਚ ਵੀ ਦੀਵੇ ਦੀ ਵਿਸ਼ੇਸ਼ ਮਹੱਤਤਾ ਹੈ। ਦੀਵਾਲੀ ਦਾ ਤਿਉਹਾਰ ਸ੍ਰੀ ਰਾਮ ਚੰਦਰ ਜੀ ਦੇ ਬਨਵਾਸ ਤੋਂ ਬਾਅਦ ਅਯੁੱਧਿਆ ਪਰਤਣ ’ਤੇ ਦੀਪਮਾਲਾ ਕਰਕੇ ਮਨਾਇਆ ਗਿਆ ਸੀ। ਇਸੇ ਤਰ੍ਹਾਂ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਆਜ਼ਾਦ ਹੋ ਕੇ ਅੰਮ੍ਰਿਤਸਰ ਪਹੁੰਚਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਸੀ ਜੋ ਪਰੰਪਰਾ ਅੱਜ ਤੱਕ ਜਾਰੀ ਹੈ। ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਬੱਚੇ ਗੜ੍ਹਬੜਿਆਂ ਦਾ ਤਿਉਹਾਰ ਬਹੁਤ ਖੁਸ਼ੀ ਨਾਲ ਮਨਾਉਂਦੇ ਹਨ। ਉਹ ਆਪਣੇ ਗੜ੍ਹਬੜਿਆਂ ਵਿੱਚ ਦੀਵਾ ਬਾਲ ਕੇ ਰੱਖ ਕੇ ਘਰ-ਘਰ ਜਾ ਕੇ ਗੜ੍ਹਬੜੇ ਲਈ ਤੇਲ ਮੰਗਦੇ ਹਨ ਅਤੇ ਨਾਲ ਹੀ ਗਾਉਂਦੇ ਜਾਂਦੇ ਹਨ:
ਅੱਜ ਚਾਨਣ-ਮਾਣਨ ਦੀ ਰਾਤ
ਤੂੰ ਨੱਚ ਮੇਰੇ ਗੜ੍ਹਬੜਿਆ।
ਇਸੇ ਤਰ੍ਹਾਂ ਇਹ ਦੀਵੇ ਜਾਂ ਰੋਸ਼ਨੀ ਲਈ ਬੱਤੀ, ਲਾਲਟੈਣ ਸਾਡੇ ਸੱਭਿਆਚਾਰ ਦੀ ਰੰਗੀਨ ਕੜੀ ਬਣ ਗਏ ਸਨ। ਵਿਆਹ ਸ਼ਾਦੀਆਂ ਵਿੱਚ ਵਧੇਰੇ ਰੋਸ਼ਨੀ ਲਈ ਗੈਸਾਂ ਦੀ ਵਰਤੋਂ ਕੀਤੀ ਜਾਂਦੀ ਸੀ ਜਾਂ ਫਿਰ ਇਕੱਲਾ-ਦੁਕੱਲਾ ਵਿਅਕਤੀ ਬੈਟਰੀ ਨੂੰ ਚਾਨਣ ਲਈ ਵਰਤਦਾ ਸੀ। ਪਰ ਕਿਸੇ ਮੁੰਡੇ ਦੇ ਵਿਆਹ ਵਿੱਚ ਨਵੀਂ ਆਈ ਵਹੁਟੀ ਨੂੰ ਦੇਖਣ ਪਿੰਡ ਦੀਆਂ ਬਹੁਤ ਔਰਤਾਂ ਪਹੁੰਚਦੀਆਂ ਅਤੇ ਜੇ ਕੋਈ ਵਹੁਟੀ ਬਹੁਤ ਖੂਬਸੂਰਤ ਜਾਂ ਗੋਰੇ ਰੰਗ ਦੀ ਸੋਹਣੀ ਮੁਟਿਆਰ ਹੁੰਦੀ ਤਾਂ ਉਹ ਉਸ ਵਹੁਟੀ ਦੀ ਤਾਰੀਫ਼ ਕਰਦੀਆਂ ਹੋਈਆਂ ਕਹਿੰਦੀਆਂ :
ਹੁਣ ਬੰਦ ਕਰ ਦਿਓ ਗੈਸ, ਲਾਲਟੈਣਾਂ
ਆਈ ਬਹੂ ਬੈਟਰੀ ਵਰਗੀ।
ਇਸ ਤਰ੍ਹਾਂ ਚਾਨਣ ਦਾ ਅਤੇ ਸੁਹੱਪਣ ਦਾ ਸਦੀਆਂ ਤੋਂ ਹੀ ਸੁਮੇਲ ਰਿਹਾ ਹੈ। ਜਿਸ ਨੇ ਸਾਡੇ ਵਿਰਸੇ ਅਤੇ ਸੱਭਿਆਚਾਰ ਨੂੰ ਹੀ ਰੋਸ਼ਨ ਨਹੀਂ ਕੀਤਾ ਸਗੋਂ ਸਮਾਜਿਕ ਜੀਵਨ ਵਿੱਚ ਵੀ ਰੰਗ ਭਰ ਦਿੱਤੇ ਹਨ। ਪਰ ਅੱਜਕੱਲ੍ਹ ਤਾਂ ਉਹ ਦੀਵੇ, ਲਾਲਟੈਣਾਂ, ਗੈਸ ਸਭ ਲੋਪ ਹੀ ਹੋ ਗਏ ਹਨ। ਘਰ-ਘਰ ਬਿਜਲੀ ਆ ਜਾਣ ਨਾਲ ਇੱਕ ਬਟਨ ਦੱਬਦਿਆਂ ਹੀ ਸਾਰਾ ਘਰ ਜਗਮਗਾ ਉੱਠਦਾ ਹੈ। ਵਿਆਹ-ਸ਼ਾਦੀਆਂ ਅਤੇ ਦੂਜੇ ਵੱਡੇ ਸਮਾਗਮਾਂ ਵਿੱਚ ਰੰਗ-ਬਿਰੰਗੀਆਂ ਲਾਇਟਾਂ ਦੀ ਭਰਮਾਰ ਹੁੰਦੀ ਹੈ, ਪਰ ਉਹ ਚਿਮਨੀ ਵਾਲੀ ਲਾਲਟੈਣ ਕਦੇ ਜ਼ਿੰਦਗੀ ਦੀ ਲੋਅ ਬਣ ਕੇ ਸਾਡੇ ਘਰ ਵਿੱਚ ਅਹਿਮ ਥਾਂ ਰੱਖਦੀ ਸੀ।
ਸੰਪਰਕ: 98764-52223