ਪੱਤਰ ਪ੍ਰੇਰਕ
ਮਾਛੀਵਾੜਾ, 26 ਅਪਰੈਲ
ਸਾਹਿਤ ਸਭਾ ਮਾਛੀਵਾੜਾ ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਭਾ ਦੇ ਪ੍ਰਧਾਨ ਟੀ. ਲੋਚਨ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ’ਚ ਭਾਸ਼ਾ ਦੀ ਮਹੱਤਤਾ ਅਤੇ ਸ਼ਬਦ-ਜੋੜਾਂ ਤੇ ਨਿੱਗਰ ਗੱਲਬਾਤ ਤੋਂ ਬਾਅਦ ਰਚਨਾਵਾਂ ਦੇ ਦੌਰ ਵਿਚ ਅਵਤਾਰ ਸਿੰਘ ਉਟਾਲਾਂ ਨੇ ਕਵਿਤਾ ‘ਕਰਜਾ’ ਅਤੇ ਡਾ. ਅਮਰਜੀਤ ਸਹਿਗਲ ਨੇ ਤਿੰਨ ਕਵਿਤਾਵਾਂ ‘ਸੁਕਰਾਤ’, ‘ਕਦੀ ਕਦਾਈ’ ਅਤੇ ‘ਦੋਸਤੀ’ ਸੁਣਾਈਆਂ, ਮਲਕੀਤ ਸਿੰਘ ਨੇ ਗ਼ਜ਼ਲ ‘ਰੋਸੇ-ਸ਼ਿਕਵੇ, ਝਗੜੇ ਝੇੜੇ ਸਾਰੇ ਅੱਜ ਮੁਕਾ ਕੇ ਜਾਵੀਂ’ ਸੁਣਾਈ, ਸ਼ਾਇਰ ਅਮਰਿੰਦਰ ਸਿੰਘ ਸੋਹਲ ਨੇ ਗ਼ਜ਼ਲ ‘ਐਨਾ ਵੀ ਹੋਣਾ ਸੱਜਣਾ ਮਜਬੂਰ ਕੀ, ਇੱਕ ਪਾਸਾ ਚੁਣ ਲੈ ਨੇਰ੍ਹ ਕੀ ਉਹ ਨੂਰ ਕੀ’ ਸੁਣਾਈ, ਸ਼ਾਇਰ ਟੀ. ਲੋਚਨ ਨੇ ਗ਼ਜ਼ਲ ‘ਹਰ ਦੁੱਖ ਹਾਸੇ ਹੇਠ ਦਬਾਉਣਾ ਔਖਾ ਹੈ, ਹਰ ਪਲ ਝੂਠਾ ਹੀ ਮੁਸਕਾਉਣਾ ਔਖਾ ਹੈ’, ਸੁਣਾਈ, ਸ. ਨਸੀਮ ਨੇ ਗ਼ਜ਼ਲ ‘ਤੇਰੇ ਖਿਆਲ ਦੇ ਦੀਵੇ ਜਗਾ ਕੇ ਬੈਠ ਗਏ, ਢਲੀ ਜੋ ਸ਼ਾਮ ਤਾਂ ਮਹਿਫਲ ਸਜਾ ਕੇ ਬੈਠ ਗਏ’ ਸੁਣਾਈ। ਅੰਤ ਵਿਚ ਸ਼ਾਇਰ ਨਿਰੰਜਨ ਸੂਖਮ ਨੇ ਗ਼ਜ਼ਲ ਸੁਣਾਈ। ਬਹਿਸ ਵਿਚ ਸਾਹਿਤਕਾਰ ਰਘਬੀਰ ਸਿੰਘ ਭਰਤ, ਸ. ਨਸੀਮ, ਅਵਤਾਰ ਸਿੰਘ ਉਟਾਲਾਂ ਨੇ ਭਾਗ ਲਿਆ।