ਲੰਡਨ, 20 ਸਤੰਬਰ
ਯੂਕੇ ਦੇ ਸ਼ਾਹੀ ਪਰਿਵਾਰ ਨੇ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀ ਇਕ ਪੁਰਾਣੀ, ਪਰ ਅਣਦੇਖੀ ਤਸਵੀਰ ਜਾਰੀ ਕੀਤੀ ਹੈ। ਇਹ ਤਸਵੀਰ ਲੰਘੇ ਦਿਨ ਮਹਾਰਾਣੀ ਨੂੰ ਸਪੁਰਦ-ਏ-ਖ਼ਾਕ ਕਰਨ ਮਗਰੋਂ ਜਾਰੀ ਕੀਤੀ ਗਈ ਸੀ। ਵੈਸਟਮਿਨਸਟਰ ਐਬੇ ਵਿੱਚ ਆਲਮੀ ਆਗੂਆਂ ਦੀ ਹਾਜ਼ਰੀ ਵਿੱਚ ਅੰਤਿਮ ਰਸਮਾਂ ਪੂਰੀਆਂ ਕਰਨ ਮਗਰੋਂ ਮਹਾਰਾਣੀ ਨੂੰ ਸੇਂਟ ਜੌਰਜ’ਜ਼ ਚੈਪਲ ਵਿੱਚ ਉਨ੍ਹਾਂ ਦੇ ਮਰਹੂਮ ਪਤੀ ਪ੍ਰਿੰਸ ਫਿਲਿਪ ਨਜ਼ਦੀਕ ਦਫ਼ਨਾਅ ਦਿੱਤਾ ਗਿਆ ਸੀ। ਸ਼ਾਹੀ ਪਰਿਵਾਰ ਵੱਲੋਂ ਜਾਰੀ ਤਸਵੀਰ ਸਾਲ 1971 ਵਿੱਚ ਬਾਲਮੋਰਲ ਦੀ ਹੈ। ਤਸਵੀਰ ਹੇਠ ਲਿਖੀਆਂ ਸਤਰਾਂ ਸੈਕਸ਼ਪੀਅਰ ਦੇ ਨਾਟਕ ਹੈਮਲੇਟ ਤੋਂ ਲਈਆਂ ਗਈਆਂ ਹਨ। ਤਸਵੀਰ ਵਿੱਚ ਹੱਥ ’ਚ ਸੋਟੀ ਫੜੀ ਮਹਾਰਾਣੀ ਦੇ ਸਿਰ ’ਤੇ ਸਕਾਰਫ਼ ਤੇ ਅੱਖਾਂ ’ਤੇ ਕਾਲਾ ਚਸ਼ਮਾ ਹੈ ਅਤੇ ਉਨ੍ਹਾਂ ਦੇ ਬਾਂਹ ’ਤੇ ਕੋਟ ਟੰਗਿਆ ਹੋਇਆ ਹੈ। ਇਸ ਦੌਰਾਨ ਕੌਮੀ ਸੋਗ ਦਾ ਅਰਸਾ ਪੂਰਾ ਹੋਣ ਮਗਰੋਂ ਸ਼ਾਹੀ ਇਮਾਰਤਾਂ ਨੂੰ ਛੱਡ ਕੇ ਹੋਰਨਾਂ ਇਮਾਰਤਾਂ ’ਤੇ ਅੱਧੇ ਝੁਕੇ ਝੰਡਿਆਂ ਨੂੰ ਮੁੜ ਪਹਿਲਾਂ ਵਾਲੀ ਸਥਿਤੀ ’ਚ ਲੈ ਆਂਦਾ ਗਿਆ ਹੈ। -ਪੀਟੀਆਈ