ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 27 ਜੂਨ
ਪੰਜਾਬ ’ਚੋਂ ਪੋਲੀਓ ਦੀ ਨਾਮੁਰਾਦ ਬੀਮਾਰੀ ਦੇ ਖ਼ਾਤਮੇ ਲਈ ਅੱਜ ‘ਸਬ-ਨੈਸ਼ਨਲ ਇਮੀਉਨਾਈਜੇਸ਼ਨ ਡੇਅ’ ਮੁਹਿੰਮ ਵਿੱਢੀ ਗਈ। ਇਸ ਸੂਬਾ ਪੱਧਰੀ ਤਿੰਨ ਰੋਜ਼ਾ ਮੁਹਿੰਮ ਦਾ ਉਦਘਾਟਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਿੰਡ ਸੋਹਾਣਾ ਵਿੱਚ ਇੱਕ ਛੋਟੇ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ 5 ਲੱਖ 60 ਹਜ਼ਾਰ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।
ਬੱਚਿਆਂ ਨੂੰ ਓਰਲ ਪੋਲੀਓ ਵੈਕਸੀਨ (ਓਪੀਵੀ) ਦੀਆਂ ਬੂੰਦਾਂ ਪਿਲਾਉਣ ਉਪਰੰਤ ਸਿਹਤ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਵਿਸ਼ੇਸ਼ ਤੌਰ ’ਤੇ ਪਰਵਾਸੀ ਆਬਾਦੀ ਲਈ ਚਲਾਈ ਗਈ ਹੈ ਜਿਸ ਤਹਿਤ ਉੱਚ-ਜ਼ੋਖ਼ਮ ਵਾਲੇ ਖੇਤਰ, ਭੱਠੇ, ਨਿਰਮਾਣ ਸਥਾਨ, ਬਸਤੀਆਂ, ਝੁੱਗੀਆਂ ਤੇ ਡੇਰੇ ਕਵਰ ਕੀਤੇ ਜਾਣਗੇ। ਇਸ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਡਾਇਰੈਕਟਰ ਡਾ. ਅੰਦੇਸ਼ ਕੰਗ, ਸੂਬਾ ਟੀਕਾਕਰਨ ਅਧਿਕਾਰੀ ਡਾ. ਬਲਵਿੰਦਰ ਕੌਰ, ਡਬਲਿਊਐੱਚਓ ਤੋਂ ਡਾ. ਵਿਕਾਸ ਗੁਪਤਾ ਆਦਿ ਮੌਜੂਦ ਸਨ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਚੰਨੀ): ਪ੍ਰਾਇਮਰੀ ਹੈਲਥ ਸੈਂਟਰ ਪਿੰਡ ਬੂਥਗੜ੍ਹ ਦੀ ਐੱਸਐੱਮਓ ਡਾ. ਜਸਕਿਰਨਦੀਪ ਕੌਰ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਪਿੰਡ ਪੜੌਲ, ਬਹਿਲੋਲਪੁਰ ਤੇ ਮਾਜਰਾ ਦੇ ਭੱਠਿਆਂ ਤੇ ਝੁੱਗੀਆਂ ਵਿੱਚ ਰਹਿੰਦੇ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ।
ਰੂਪਨਗਰ (ਬਹਾਦਰਜੀਤ): ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਜ਼ਿਲ੍ਹੇ ਦੇ ਕੁੱਲ 3284 ਬੱਚਿਆਂ ਨੂੰ ਪਲਸ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਮੁਹਿੰਮ ਦੀ ਰਸਮੀ ਸ਼ੁਰੂਆਤ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਢਾਂਡਾ ਵੱਲੋਂ ਸਦਾਬਰਤ ਸਲੱਮ ਏਰੀਏ ਵਿੱਚ ਤੋਂ ਕੀਤੀ ਗਈ, ਜਿੱਥੇ 63 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਿਪਲਾਈਆਂ ਗਈਆਂ।