ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ-ਜਗਾਧਰੀ ਰੋਡ ’ਤੇ ਸਨਾਤਨ ਧਰਮ ਸੰਤ ਨਿਵਾਸ ਦੇ ਬਾਹਰ ਵਾਪਰੇ ਹਾਦਸੇ ਵਿਚ ਵੈਂਡਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਲਿਆਸ (52) ਮੂਲ ਵਾਸੀ ਉੱਤਰ ਪ੍ਰਦੇਸ਼ ਇਥੇ ਅੰਬਾਲਾ ਕੈਂਟ ਵਿੱਚ ਸੜਕ ਕੰਢੇ ਨਾਰੀਅਲ-ਪਾਣੀ ਵੇਚਦਾ ਸੀ। ਉਸ ਦਾ ਬੇਟਾ ਫੈਜ਼ਾਨ ਉਸ ਦੇ ਨਾਲ ਹੀ ਬਰਤਨ ਵੇਚਣ ਦਾ ਕੰਮ ਕਰਦਾ ਸੀ। ਇਲਿਆਸ ਸਾਮਾਨ ਦੀ ਰਾਖੀ ਲਈ ਰਾਤ ਨੂੰ ਰੇਹੜੀ ਦੇ ਕੋਲ ਹੀ ਸੌਂ ਜਾਂਦਾ ਸੀ। ਅੱਜ ਸਵੇਰੇ ਸਹਾਰਨਪੁਰ ਵੱਲੋਂ ਸਕਰੈਪ ਨਾਲ ਲੱਦੇ ਕੈਂਟਰ ਚਾਲਕ ਨੇ ਸੜਕ ਦੇ ਕਿਨਾਰੇ ਲੱਗੀ ਰੇਲਿੰਗ ਨੂੰ ਤੋੜਦਿਆਂ ਇਲਿਆਸ ਨੂੰ ਦਰੜ ਦਿੱਤਾ। ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਕੇਸ ਦਰਜ ਕਰ ਕੇ ਕੈਂਟਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸੜਕ ਕਿਨਾਰੇ ਪਏ ਹੋਏ ਬਰਤਨ ਵੀ ਹਾਦਸੇ ਕਾਰਨ ਨੁਕਸਾਨੇ ਗਏ।