ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 22 ਸਤੰਬਰ
ਪਿਛਲੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ’ਤੇ ਕੀਤੀ ਬੇਅਦਬੀ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਗਟਾਵੇ ਕੀਤੇ ਜਾ ਰਹੇ ਹਨ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਮੂਹ ਸਟਾਫ ਵੱਲੋਂ ਪਸ਼ਚਾਤਾਪ ਵਜੋਂ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਮੁਲਜ਼ਮ ਨੂੰ ਪਾਗਲ ਅਤੇ ਨਸ਼ੇੜੀ ਦੱਸ ਕੇ ਪਹਿਲਾਂ ਹੋਈਆਂ ਬੇਅਦਬੀਆਂ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਪੱਲਾ ਛੁਡਾਉਣਾ ਚਾਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮ ਦਾ ਨਾਰਕੋ ਟੈਸਟ ਅਤੇ ਬਰੇਨ ਮੈਪਿੰਗ ਟੈਸਟ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੰਜ ਮੈਂਬਰੀ ਪੜਤਾਲੀਆ ਕਮੇਟੀ ਪੱਚੀ ਸਤੰਬਰ ਨੂੰ ਆਪਣੀ ਰਿਪੋਰਟ ਪੇਸ਼ ਕਰੇਗੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ’ਤੇ ਰੋਸ ਵਜੋਂ ਅੱਜ ਸਿੱਖ ਜਥੇਬੰਦੀਆਂ ਨੇ ਬੁਲਾਏ ਇਕੱਠ ਦੌਰਾਨ ਮਤਾ ਪਾਸ ਕਰ ਕੇ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਹੈੱਡ ਗ੍ਰੰਥੀ ਭਾਈ ਫੂਲਾ ਸਿੰਘ, ਮੈਨੇਜਰ ਮਲਕੀਤ ਸਿੰਘ ਅਤੇ ਦੋਵੇਂ ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਦੋਸ਼ੀ ਕਰਾਰ ਦੇ ਕੇ ਉਨ੍ਹਾਂ ਦੇ ਅਸਤੀਫਿਆਂ ਦੀ ਮੰਗ ਕਰ ਦਿੱਤੀ।
ਪਸ਼ਚਾਤਾਪ ਸਮਾਗਮ ਤੋਂ ਬਾਅਦ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਇਕੱਠ ਦੌਰਾਨ ਪਲਵਿੰਦਰ ਸਿੰਘ ਤਲਵਾੜਾ ਨੇ ਬੇਅਦਬੀ ਦੀ ਘਟਨਾ ਲਈ ਸ਼੍ਰੋਮਣੀ ਕਮੇਟੀ ਦੇ ਮਾੜੇ ਪ੍ਰਬੰਧਾਂ ਨੂੰ ਜ਼ਿੰਮੇਵਾਰ ਕਿਹਾ। ਉਨ੍ਹਾਂ ਕਿਹਾ ਕਿ ਜਥੇਦਾਰ ਖ਼ੁਦ ਤਾਂ ਵੀਹ-ਵੀਹ ਗੰਨਮੈਨ ਲਈ ਫਿਰਦੇ ਹਨ ਪਰ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ ਹਨ। ਅਮਨਦੀਪ ਸਿੰਘ ਅਬਿਆਣਾ ਨੇ ਮਤਾ ਪੜ੍ਹਦਿਆਂ ਅਸਤੀਫ਼ਿਆਂ ਦੀ ਮੰਗ ਕੀਤੀ। ਸਰਕਾਰ ਤੋਂ ਬੇਅਦਬੀ ਦੇ ਮੁਲਜ਼ਮ ਦਾ ਨਾਰਕੋ ਟੈਸਟ ਕਰਵਾਉਣ ਦੀ ਮੰਗ ਕੀਤੀ ਗਈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸੁਖਦੇਵ ਸਿੰਘ ਭੂਰਾਕੋਨਾ, ਪ੍ਰਤਾਪ ਸਿੰਘ ਅਤੇ ਕੁਝ ਅਧਿਕਾਰੀਆਂ ਨੇ ਸਿੱਖ ਜਥੇਬੰਦੀਆਂ ਦੇ ਇਕੱਠ ਵਿਚ ਜਾ ਕੇ ਉਨ੍ਹਾਂ ਦਾ ਮੰਗ ਪੱਤਰ ਵੀ ਹਾਸਲ ਕੀਤਾ।
ਤਖ਼ਤ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਤੇ ਮੈਨੇਜਰ ਦਾ ਤਬਾਦਲਾ
ਸ਼੍ਰੋਮਣੀ ਕਮੇਟੀ ਵੱਲੋਂ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਅਤੇ ਮੈਨੇਜਰ ਮਲਕੀਤ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਭਾਵੇਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਇਨ੍ਹਾਂ ਤਬਾਦਲਿਆਂ ਨੂੰ ਆਮ ਕਾਰਵਾਈ ਦੱਸ ਰਹੇ ਹਨ ਪਰ ਸੂਤਰਾਂ ਮੁਤਾਬਕ ਬੇਅਦਬੀ ਦੀ ਘਟਨਾ ਦੀ ਪੜਤਾਲ ਦੌਰਾਨ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਹੈੱਡ ਗ੍ਰੰਥੀ ਅਤੇ ਮੈਨੇਜਰ ਦੀ ਕਾਰਗੁਜ਼ਾਰੀ ’ਤੇ ਅਸੰਤੁਸ਼ਟੀ ਜ਼ਾਹਿਰ ਕੀਤੀ ਸੀ। ਇਨ੍ਹਾਂ ਬਦਲੀਆਂ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਅਤੇ ਮੈਨੇਜਰ ਮਲਕੀਅਤ ਸਿੰਘ ਦੀ ਇੱਥੋਂ ਬਦਲੀ ਕਰ ਦਿੱਤੀ ਗਈ ਹੈ।