ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 12 ਜਨਵਰੀ
ਨੇੜਲੇ ਪਿੰਡ ਸ਼ੇਰਪੁਰ ਕਲਾਂ ਵਿੱਚ ਅੱਜ ਕਿਸਾਨ ਸੰਘਰਸ਼ ’ਚ ਯੋਗਦਾਨ ਪਾਉਣ ਵਾਲੇ ਕਿਸਾਨ ਆਗੂਆਂ ਦੇ ਸਨਮਾਨ ’ਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦਾ ਸੰਘਰਸ਼ ਕੋਈ ਸਾਧਾਰਨ ਲੜਾਈ ਨਹੀਂ ਸੀ। ਭਾਜਪਾ ਦੀ ਜਿਹੜੀ ਹਕੂਮਤ ਤੇ ਪ੍ਰਧਾਨ ਮੰਤਰੀ ਕਦੇ ਪੈਰ ਪਿਛਾਂਹ ਨਾ ਖਿੱਚਣ ਲਈ ਜਾਣੇ ਜਾਂਦੇ ਸਨ, ਲੋਕਾਂ ਦੀ ਤਾਕਤ ਤੇ ਏਕਤਾ ਨੇ ਉਨ੍ਹਾਂ ਨੂੰ ਆਪਣੇ ਹੀ ਲਏ ਫ਼ੈਸਲੇ ਉਲਟਾਉਣ ਲਈ ਮਜਬੂਰ ਕਰ ਦਿੱਤਾ। ਇਹ ਜਿੱਤ ਲੜਾਈ ਦਾ ਇਕ ਪੜਾਅ ਸੀ ਪਰ ਖੁਸ਼ਹਾਲ ਕਿਸਾਨੀ ਲਈ ਲੜਾਈ ਹਾਲੇ ਮੁੱਕੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਰੋਪੋਰੇਟ ਘਰਾਣੇ ਮੁੜ ਹੱਲਾ ਬੋਲਣਗੇ। ਤਿੰਨ ਖੇਤੀ ਕਾਨੂੰਨਾਂ ਵਰਗੇ ਹੋਰ ਕਿਸਾਨ ਮਾਰੂ ਕਾਨੂੰਨ ਕਦੇ ਵੀ ਲਿਆਂਦੇ ਜਾ ਸਕਦੇ ਹਨ ਜਿਨ੍ਹਾਂ ਨੂੰ ਲੋਕ ਏਕਤਾ ਨਾਲ ਹੀ ਰੋਕਣਾ ਸੰਭਵ ਹੈ। ਇਸ ਤੋਂ ਪਹਿਲਾਂ ਗੁਰਦੁਆਰੇ ਵਿੱਚ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ’ਚ ਅਖੰਡ ਪਾਠਦੇ ਭੋਗ ਪਾਏ ਗਏ। ਅਰਦਾਸ ਉਪਰੰਤ ਸ੍ਰੀ ਧਨੇਰ ਨੇ ਨਗਰ ਵਾਸੀਆਂ ਨੂੰ ਕਾਲੇ ਕਾਨੂੰਨ ਰੱਦ ਕਰਾਉਣ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਗ਼ਦਰੀ ਯੋਧਿਆਂ ਹਾਫਿਜ਼ ਅਬਦੁੱਲਾ ਜਗਰਾਉਂ ਅਤੇ ਬਾਬੂ ਅਮਰ ਸਿੰਘ ਸਹੋਲੀ ਸਮੇਤ ਮਹਾਂਪੁਰਸ਼ ਬਾਬਾ ਨੰਦ ਸਿੰਘ ਨਾਨਕਸਰ ਦੀ ਜਨਮਭੂਮੀ ਨੇ ਇਸ ਅੰਦੋਲਨ ’ਚ ਹਰ ਪੱਖ ਤੋਂ ਪੂਰੀ ਜ਼ਿੰਮੇਵਾਰੀ ਨਾਲ ਹਿੱਸਾ ਪਾ ਕੇ ਜੋ ਨਾਮਣਾ ਹਾਸਲ ਕੀਤਾ ਹੈ ਉਹ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸੱਦਾ ਦਿੱਤਾ ਕਿ ਕਿਸਾਨੀ ਸੰਘਰਸ਼ ਤਾਂ ਹੁਣ ਸ਼ੁਰੂ ਹੋਇਆ ਹੈ, ਅਗਲਾ ਪੜਾਅ ਸਰ ਕਰਨ ਲਈ ਕਮਰਕੱਸੇ ਕਰ ਕੇ ਰੱਖਣਾ ਹੀ 750 ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਜਿਥੇ ਪਿੰਡ ਦੇ ਸੰਘਰਸ਼ ’ਚ ਹਿੱਸਾ ਲੈਣ ਵਾਲੇ ਸਾਰੇ ਕਿਸਾਨਾਂ, ਨੌਜਵਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ਉਥੇ ਕਿਸਾਨ ਆਗੂਆਂ ਮਨਜੀਤ ਸਿੰਘ ਧਨੇਰ, ਇੰਦਰਜੀਤ ਸਿੰਘ ਧਾਲੀਵਾਲ, ਦਵਿੰਦਰ ਸਿੰਘ ਕਾਉਂਕੇ, ਕੰਵਲਜੀਤ ਖੰਨਾ ਦਾ ਵੀ ਲੋਈਆਂ ਦੇ ਕੇ ਸਨਮਾਨ ਕੀਤਾ ਗਿਆ। ਪਿੰਡ ਦੇ ਮੋਹਰੀ ਨੌਜਵਾਨ ਸੁਖਦੀਪ ਸਿੰਘ ਫ਼ੌਜੀ ਨੇ ਅੰਦੋਲਨ ’ਚ ਪਿੰਡ ਦੇ ਯੋਗਦਾਨ ਦੀ ਪੂਰੀ ਗਾਥਾ ਪੇਸ਼ ਕੀਤੀ। ਇਕਾਈ ਪ੍ਰਧਾਨ ਅਰਜਨ ਸਿੰਘ ਖੇਲਾ ਨੇ ਸੰਗਤ ਦਾ ਧੰਨਵਾਦ ਕੀਤਾ। ਅਖੀਰ ’ਚ 21 ਜਨਵਰੀ ਦੀ ਬਰਨਾਲਾ ਰੈਲੀ ’ਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।