ਖੇਤਰੀ ਪ੍ਰਤੀਨਿਧ
ਬਰਨਾਲਾ, 26 ਅਪਰੈਲ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜਥੇਬੰਦੀ ਦੇ ਆਗੂ ਰਾਮ ਸਿੰਘ ਸੰਘੇੜਾ ਦੀ ਅਗਵਾਈ ਹੇਠ ਜਥੇਬੰਦੀ ਦੇ ਵਰਕਰਾਂ ਤੇ ਆਗੂਆਂ ਨੇ ਪੰਜਾਬ ਨੈਸ਼ਨਲ ਬੈਂਕ ਸੰਘੇੜਾ ਦੇ ਅਧਿਕਾਰੀਆਂ ਵੱਲੋਂ ਗਾਹਕਾਂ ਨਾਲ ਕਥਿਤ ਦੁਰਵਿਹਾਰ ਕੀਤੇ ਜਾਣ ਖ਼ਿਲਾਫ਼ ਬੈਂਕ ਦੇ ਗੇਟ ਅੱਗੇ ਧਰਨਾ ਲਾ ਕੇ ਬੈਂਕ ਅਧਿਕਾਰੀਆਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਰਮਚਾਰੀਆਂ ਤੋਂ ਮੁਆਫ਼ੀ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਸੇਵਾਵਾਂ ’ਚ ਸੁਧਾਰ ਲਿਆਂਦੇ ਜਾਣ ਦੀ ਮੰਗ ਵੀ ਕੀਤੀ ਗਈ। ਯੂਨੀਅਨ ਦੇ ਸਥਾਨਕ ਆਗੂ ਰਾਮ ਸਿੰਘ ਸੰਘੇੜਾ ਨੇ ਕਿਹਾ ਕਿ ਪੀਐੱਨਬੀ ਸੰਘੇੜਾ ਸਮੇਤ ਹੋਰਨਾਂ ਬੈਂਕਾਂ ਤੇ ਸਰਕਾਰੀ ਅਦਾਰਿਆਂ ’ਚ ਲੋਕਾਂ ਨੂੰ ਸੇਵਾਵਾਂ ਦੀ ਪ੍ਰਾਪਤੀ ਸਮੇਂ ਭਾਰੀ ਖੱਜਲ ਖੁਆਰੀ ਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਮੇਂ ਤੋਂ ਪੀਐਨਬੀ ਸੰਘੇੜਾ ਦੇ ਕਰਮਚਾਰੀਆਂ ਵੱਲੋਂ ਗਾਹਕਾਂ ਨਾਲ ਕਥਿਤ ਮਾੜੇ ਵਿਵਹਾਰ ਦੇ ਸਿੱਟੇ ਵਜੋਂ ਜਥੇਬੰਦੀ ਨੂੰ ਬੈਂਕ ਅੱਗੇ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਧਿਕਾਰੀ ਮੁਆਫ਼ੀ ਨਹੀਂ ਮੰਗਦੇ ਤੇ ਬੈਂਕ ਦੇ ਕੰਮ-ਕਾਜ ’ਚ ਸੁਧਾਰ ਨਹੀਂ ਲਿਆਉਂਦੇ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਮਾਮਲਾ ਭਖਦਾ ਦੇਖ ਬ੍ਰਾਂਚ ਮੈਨੇਜਰ ਜਨਕ ਰਾਜ ਗੁਪਤਾ ਪੁਲੀਸ ਦੀ ਹਾਜ਼ਰੀ ’ਚ ਧਰਨਾਕਾਰੀਆਂ ਕੋਲ ਪੁੱਜੇ ਤੇ ਭਰੋਸਾ ਦਿਵਾਇਆ ਕਿ ਅੱਗੇ ਤੋਂ ਅਜਿਹੀ ਸਮੱਸਿਆ ਨਹੀਂ ਆਵੇਗੀ।