ਜੋਗਿੰਦਰ ਸਿੰਘ ਮਾਨ
ਮਾਨਸਾ, 23 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਤੀਬਾੜੀ ਵਿਭਾਗ ਨੂੰ ਮਾਲਵਾ ਪੱਟੀ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਲੋੜੀਂਦੇ ਕਦਮ ਤੁਰੰਤ ਚੁੱਕਣ ਦੇ ਦਿੱਤੇ ਨਿਰਦੇਸ਼ਾਂ ਤੋਂ ਅਗਲੇ ਦਿਨ ਹੀ ਮਹਿਕਮੇ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਵੱਲੋਂ ਮਾਨਸਾ ਦੇ ਪਿੰਡਾਂ ’ਚ ਨਰਮੇ ਦੀ ਫ਼ਸਲ ਦਾ ਨਿਰੀਖਣ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਾਨਸਾ ਇਲਾਕੇ ’ਚ ਲੋਕ ਗੁਲਾਬੀ ਸੁੰਡੀ ਤੋਂ ਪ੍ਰਭਾਵਤ ਖੇਤਾਂ ’ਚ ਹੋਰ ਕੋਈ ਚਾਰਾ ਨਾ ਚੱਲਦਾ ਵੇਖ ਕੇ ਗੋਡੇ-ਗੋਡੇ ਹੋਏ ਨਰਮੇ ਨੂੰ ਕਿਸਾਨ ਵਾਹੁਣ ਲਈ ਮਜ਼ਬੂਰ ਹੋਣ ਲੱਗੇ ਹਨ। ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਵਿੰਦਰ ਸਿੰਘ ਵੱਲੋਂ ਗੁਲਾਬੀ ਸੁੰਡੀ ਦੇ ਖਦਸ਼ੇ ਤੋਂ ਪ੍ਰਭਾਵਿਤ ਖੇਤਾਂ ਦਾ ਜਾਇਜ਼ਾ ਲੈਣ ਲਈ ਜ਼ਿਲਾ ਮਾਨਸਾ ਦਾ ਦੌਰਾ ਕੀਤਾ ਗਿਆ। ਉਨ੍ਹਾਂ ਬਲਾਕ ਝੁਨੀਰ ਤੇ ਮਾਨਸਾ ਦੇ ਪਿੰਡਾਂ ’ਚ ਨਰਮੇ ਦੀ ਫਸਲ ਦਾ ਨਿਰੀਖਣ ਕਰਦਿਆਂ ਦੱਸਿਆ ਕਿ ਬਲਾਕ ਮਾਨਸਾ ਦੇ ਪਿੰਡ ਦੂਲੋਵਾਲ ਵਿੱਚ ਕਿਸਾਨ ਪ੍ਰਗਟ ਸਿੰਘ ਦੀ ਨਰਮੇ ਫਸਲ ਦਾ ਨਿਰੀਖਣ ਕਰਦੇ ਸਮੇਂ ਨਰਮੇ ਦੀ ਫਸਲ ਦੇ ਕੁਝ ਕੁ ਫੁੱਲਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਗਿਆ ਸੀ ਪਰ ਇਹ ਹਮਲਾ ਆਰਥਿਕ ਕਗਾਰ ਤੋਂ ਘੱਟ ਸੀ। ਝੁਨੀਰ ਦੇ ਪਿੰਡਾਂ ’ਚ ਫਸਲ ਦਾ ਨਿਰੀਖਣ ਕਰਦੇ ਸਮੇਂ ਸਭ ਤੋਂ ਪਹਿਲਾਂ ਪਿੰਡ ਭੰਮੇ ਖੁਰਦ ਦੇ ਕਿਸਾਨ ਗੁਰਪ੍ਰੀਤ ਸਿੰਘ ਦੇ ਖੇਤ ਦੇ ਨਿਰੀਖਣ ਸਮੇਂ 40 ਫੁੱਲਾਂ ਪਿੱਛੇ 3-4 ਫੁੱਲਾਂ ’ਚ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ, ਜੋ ਆਰਥਿਕ ਕਗਾਰ ਤੋਂ ਹੇਠਾਂ ਸੀ। ਪਿੰਡ ਭਲਾਈਕੇ ਵਿੱਚ ਗੁਰਦੀਪ ਸਿੰਘ ਤੇ ਅਮਰੀਕ ਸਿੰਘ ਦੇ ਖੇਤ ਦਾ ਵੀ ਦੌਰਾ ਕੀਤਾ ਗਿਆ ਤੇ ਉਥੇ ਵੀ ਗੁਲਾਬੀ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਘੱਟ ਹੀ ਪਾਇਆ ਗਿਆ। ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਵੱਲੋਂ ਮੌਕੇ ’ਤੇ ਹਾਜ਼ਰ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਔੜ ਦੌਰਾਨ ਲੱਗੇ ਝੂਠੇ ਫੁੱਲਾਂ ਨੂੰ ਤੋੜਕੇ ਨਸ਼ਟ ਕਰ ਦਿੱਤਾ ਜਾਵੇ, ਫੁੱਲਾਂ ਦਾ ਝਾੜ ’ਤੇ ਕੋਈ ਅਸਰ ਨਹੀ ਪੈਂਦਾ ਜਦੋਂਕਿ ਇਨ੍ਹਾਂ ਨੂੰ ਨਸ਼ਟ ਕਰਨ ਨਾਲ ਗੁਲਾਬੀ ਸੁੰਡੀ ਦੀ ਪਹਿਲੀ ਪੀੜ੍ਹੀ ਨੂੰ ਖਤਮ ਕਰਕੇ ਅਗਲੀ ਪੀੜ੍ਹੀ ਨੂੰ 80 ਗੁਣਾ ਤੱਕ ਘੱਟ ਕਰਦੇ ਹੋਏ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਤੇ ਜੇ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਜਾਵੇ ਤਾਂ ਤੁਰੰਤ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ। ਮਾਨਸਾ ਦੇ ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲੇ ਵਿੱਚ ਜ਼ਿਲਾ ਪੱਧਰੀ, ਬਲਾਕ ਪੱਧਰੀ, ਪਿੰਡ ਪੱਧਰੀ ਸਰਵੇਲੈਂਸ ਟੀਮਾਂ ਵੱਲੋਂ ਨਿਰੰਤਰ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਾਰੀ ਸਿਫਾਰਸਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।