ਗੁਰਨਾਮ ਸਿੰਘ ਚੌਹਾਨ/ਸ਼ਾਹਬਾਜ਼ ਸਿੰਘ
ਪਾਤੜਾਂ/ਘੱਗਾ, 11 ਨਵੰਬਰ
ਪਿੰਡ ਅਰਨੇਟੂ ਵਿਖੇ ਮੀਡ ਡੇਅ ਮੀਲ ਖਾਣ ਮਗਰੋਂ ਦਰਜਨ ਦੇ ਕਰੀਬ ਬੱਚਿਆਂ ਨੂੰ ਉਲਟੀਆਂ ਤੇ ਪੇਟ ਦਰਦ ਦੀ ਸ਼ਿਕਾਇਤ ਹੋ ਗਈ ਜਿਨ੍ਹਾਂ ਨੂੰ ਬਾਦਸ਼ਾਹਪੁਰ ਸਿਹਤ ਕੇਂਦਰ ਵਿੱਚ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ।
ਜਾਣਕਾਰੀ ਮੁਤਾਬਕ ਅਰਨੇਟੂ ਪ੍ਰਾਇਮਰੀ ਸਕੂਲ ਦੇ ਕਰੀਬ 10 ਬੱਚਿਆਂ ਨੂੰ ਮਿਡ ਡੇਅ ਮੀਲ ਜਿਸ ਵਿਚ ਕੜ੍ਹੀ ਚਾਵਲ ਬਣੇ ਦੱਸੇ ਜਾ ਰਹੇ ਹਨ। ਬੱਚੇ ਖਾਣਾ ਖਾਣ ਮਗਰੋਂ ਉਲਟੀਆਂ ਕਰਨ ਲੱਗੇ ਅਤੇ ਪੇਟ ਦਰਦ ਦੀ ਸ਼ਿਕਾਇਤ ਕੀਤੀ। ਸਕੂਲ ਸਟਾਫ ਵੱਲੋਂ ਬੱਚਿਆਂ ਨੂੰ ਵਿਗੜਦੀ ਹਾਲਤ ਵੇਖ ਕੇ ਤੁਰੰਤ ਬਾਦਸ਼ਾਹਪੁਰ ਦੇ ਸਰਕਾਰੀ ਸਿਹਤ ਕੇਂਦਰ ਲਿਆਂਦਾ ਗਿਆ। ਸਿਹਤ ਕੇਂਦਰ ਵਿਚ ਮੌਕੇ ਉਤੇ ਹਾਜ਼ਰ ਡਾ. ਸੁਸ਼ਾਂਤ ਨੇ ਬੱਚਿਆਂ ਦਾ ਲੋੜੀਂਦਾ ਇਲਾਜ ਤੇ ਨਿਗਰਾਨੀ ਮਗਰੋਂ ਛੁੱਟੀ ਕਰ ਦਿੱਤੀ। ਡਾ. ਸੁਸ਼ਾਂਤ ਨੇ ਦੱਸਿਆ ਕਿ ਅੱਧੀ ਦਰਜਨ ਬੱਚਿਆਂ ਨੂੰ ਉਲਟੀਆਂ ਤੇ ਪੇਟ ਦਰਦ ਦੀ ਸ਼ਿਕਾਇਤ ਪਾਈ ਗਈ ਜੋ ਠੀਕ ਹੋਣ ਮਗਰੋਂ ਘਰ ਚਲੇ ਗਏ। ਇਸੇ ਦੌਰਾਨ ਮਿੱਡ-ਡੇਅ ਮੀਲ ਦੇ ਸਪਲਾਈ ਇੰਸਪੈਕਟਰ ਪਨਸਪ ਨੇ ਦੱਸਿਆ ਕਿ ਉਹ ਮਿੱਡ ਡੇਅ ਮੀਲ ਦਾ ਸੁੱਕਾ ਰਾਸ਼ਨ ਸਪਲਾਈ ਕਰਦੇ ਹਨ ਤੇ ਅੱਗੇ ਰਾਸ਼ਨ ਬਣਾਉਣ ਦੀ ਜ਼ਿੰਮੇਵਾਰੀ ਸਕੂਲ ਸਟਾਫ ਦੀ ਹੁੰਦੀ ਹੈ।
ਅਰਨੇਟੂ ਪ੍ਰਾਇਮਰੀ ਸਕੂਲ ਦੇ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਸਕੂਲ ਵਿਚ 250 ਦੇ ਕਰੀਬ ਬੱਚੇ ਹਨ ਤੇ ਪੰਜ ਸੱਤ ਬੱਚਿਆਂ ਨੇ ਪੇਟ ਦਰਦ ਤੇ ਹੋਰ ਸ਼ਿਕਾਇਤ ਕੀਤੀ ਸੀ ਜੋ ਠੀਕ ਹਨ। ਉਨ੍ਹਾਂ ਕਿਹਾ ਸਕੂਲ ਸਟਾਫ ਨੇ ਮਿੱਡ ਡੇਅ ਮੀਲ ਖਾਇਆ ਸੀ ਪਰ ਸਾਰੇ ਠੀਕ ਹਨ। ਉਨ੍ਹਾਂ ਕਿਹਾ ਕਿ ਬੱਚੇ ਸਕੂਲ ਵਿਚ ਹਨ ਤੇ ਬੱਚਿਆਂ ਦੀ ਡਾਕਟਰੀ ਨਿਗਰਾਨੀ ਹੋ ਰਹੀ ਹੈ ਪਰ ਹੋਰ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਹੈ।
ਕੀ ਕਹਿੰਦੇ ਨੇ ਚੌਕੀ ਇੰਚਾਰਜ
ਚੌਕੀ ਇੰਚਾਰਜ ਬਾਦਸ਼ਾਹਪੁਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਕੋਲ ਵੀ ਆਇਆ ਹੈ ਸਕੂਲ ਦੇ ਸਾਰੇ ਬੱਚੇ ਠੀਕ ਹਨ ਫਿਰ ਵੀ ਸਬੰਧਤ ਮਹਿਕਮੇ ਨੂੰ ਸੈਂਪਲਿੰਗ ਲਈ ਕਿਹਾ ਗਿਆ ਹੈ। ਸਿਹਤ ਵਿਭਾਗ ਵੱਲੋਂ ਰਿਪੋਰਟ ਆਉਣ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।