ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 29 ਅਗਸਤ
ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ ਨੇ ਇਥੋਂ ਦੇ ਵੱਖ ਵੱਖ ਪਿੰਡਾਂ ’ਚ ਆਮ ਆਦਮੀ ਪਾਰਟੀ ਵੱਲੋਂ ‘ਬਿਜਲੀ ਮੁਆਫ਼ੀ ਦੀ ਗਰੰਟੀ’ ਯੋਜਨਾ ਤਹਿਤ ਲੋਕਾਂ ਨੂੰ ਜਾਗ੍ਰਿਤ ਕਰਦਿਆਂ ਫਾਰਮ ਭਰਵਾਏ। ਕਿਹਾ ਹੈ ਕਿ ਆਮ ਆਦਮੀ ਪਾਰਟੀ ਲੰਮੇ ਸਮੇਂ ਤੋਂ ਕਹਿ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਾਦਲਾਂ ਨਾਲ ਮਿਲੀਭੁਗਤ ਹੈ। ਇਸੇ ਕਰਕੇ ਹੀ ਬੇਅਦਬੀ ਦੇ ਮੁਲਜ਼ਮਾਂ ਨੂੰ ਸਜ਼ਾਵਾਂ ਨਹੀਂ ਮਿਲ ਰਹੀਆਂ। ਨਾ ਹੀ ਰੇਤ ਅਤੇ ਨਸ਼ਿਆਂ ਸਮੇਤ ਹੋਰ ਮਾਫੀਆ ਨੂੰ ਨੱਥ ਪਈ ਹੈ ਅਤੇ ਨਾ ਕੇਬਲ ਤੇ ਟਰਾਂਸਪੋਰਟ ਸਬੰਧੀ ਸਰਕਾਰ ਕੋਈ ਨੀਤੀ ਲਿਆ ਕੇ ਬਦਲਾਅ ਕਰ ਸਕੀ ਹੈ। ਹੁਣ ਕਾਂਗਰਸੀ ਆਗੂ ਖੁਦ ਜਨਤਕ ਤੌਰ ’ਤੇ ਇਹ ਗੱਲ ਸਵੀਕਾਰ ਕਰਨ ਲੱਗੇ ਹਨ। ਹਲਕਾ ਵਿਧਾਇਕ ਬੀਬੀ ਮਾਣੂੰਕੇ ਨੇ ਇਥੇ ਇਕੱਤਰਤਾ ਦੌਰਾਨ ਲੋਕਾਂ ਨੂੰ ਸੁਚੇਤ ਕੀਤਾ ਕਿ ਕਾਂਗਰਸ ਚੋਣਾਂ ਜਿੱਤਣ ਲਈ ਅਜਿਹੇ ਕਈ ਐਲਾਨ ਕਰੇਗੀ ਅਤੇ ਜੇ ਲੋਕ ਗੁੰਮਰਾਹ ਹੋ ਗਏ ਤਾਂ ਸੱਤਾ ’ਚ ਆ ਕੇ ਇਹੋ ਕਾਂਗਰਸ ਇਸ ਤੋਂ ਵੱਡੇ ਬੋਝ ਲੋਕਾਂ ਦੇ ਲੱਦੇਗੀ।