ਪੱਤਰ ਪ੍ਰੇਰਕ
ਮਹਿਲ ਕਲਾਂ, 23 ਜੂਨ
ਪਿੰਡ ਕੁਰੜ ਵਿੱਚ ਸਹੁਰਾ ਪਰਿਵਾਰ ਤੋਂ ਪ੍ਰੇਸ਼ਾਨ ਵਿਆਹੁਤਾ ਦੀ ਮੌਤ ਹੋ ਗਈ ਹੈ। ਅਮਨਦੀਪ ਕੌਰ (32) ਦਾ ਵਿਆਹ ਸਾਢੇ ਛੇ ਸਾਲ ਪਹਿਲਾਂ ਪਿੰਡ ਕੁਰੜ ਵਿੱਚ ਰਣਦੀਪ ਸਿੰਘ ਨਾਲ ਹੋਇਆ ਸੀ ਤੇ ਪਿਛਲੇ ਕਈ ਸਾਲਾਂ ਤੋਂ ਸਹੁਰਾ ਪਰਿਵਾਰ ਵੱਲੋਂ ਤੰਗ ਕਰਨ ਕਰਕੇ ਉਹ ਮਾਨਸਿਕ ਪ੍ਰੇਸ਼ਾਨੀ ’ਚੋਂ ਲੰਘ ਰਹੀ ਸੀ। 20 ਜੂਨ ਨੂੰ ਸਹੁਰਾ ਪਰਿਵਾਰ ਤੋਂ ਤੰਗ ਹੋ ਕੇ ਉਸਨੇ ਅੱਗ ਲਗਾ ਕੇ ਖੁਦਕੁਸ਼ੀ ਕੀਤੀ ਤੇ ਬੁਰੀ ਤਰ੍ਹਾਂ ਝੁਲਸਣ ਤੋਂ ਬਾਅਦ ਉਸ ਨੂੰ ਇਲਾਜ ਲਈ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਿੱਥੇ 22 ਜੂਨ ਨੂੰ ਉਸਦੀ ਮੌਤ ਹੋ ਗਈ। ਪੁਲੀਸ ਥਾਣਾ ਠੁੱਲੀਵਾਲ ਨੇ ਮ੍ਰਿਤਕਾ ਦੇ ਪਤੀ ਰਣਦੀਪ ਸਿੰਘ, ੳਸਦੇ ਦੋ ਭਰਾਵਾਂ, ਸੱਸ, ਸਹੁਰਾ ਤੇ ਪੇਕੇ ਘਰ ਰਹਿੰਦੀ ਪਤੀ ਦੀ ਭੂਆ ਖ਼ਿਲਾਫ਼ ਧਾਰਾ 304ਬੀ ਤਹਿਤ ਕੇਸ ਦਰਜ ਕਰ ਲਿਆ ਹੈ।