ਨਵੀਂ ਦਿੱਲੀ: ਏਸ਼ੀਅਨ ਡਿਵੈਲਪਮੈਂਟ ਬੈਂਕ (ਏਡੀਬੀ) ਨੇ ਭਾਰਤ ਦੀ ਵਿਕਾਸ ਦਰ ਚੱਲ ਰਹੇ ਵਿੱਤੀ ਵਰ੍ਹੇ ਵਿਚ 10 ਪ੍ਰਤੀਸ਼ਤ ਰਹਿਣ ਦਾ ਅੰਦਾਜ਼ਾ ਲਾਇਆ ਹੈ। ਇਸ ਤੋਂ ਪਹਿਲਾਂ ਇਸ ਦੇ 11 ਪ੍ਰਤੀਸ਼ਤ ਰਹਿਣ ਬਾਰੇ ਕਿਹਾ ਗਿਆ ਸੀ। ਵਿਕਾਸ ਦਰ ਘੱਟ ਰਹਿਣ ਲਈ ਕਰੋਨਾ ਦੀ ਦੂਜੀ ਲਹਿਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਏਡੀਬੀ ਨੇ ਇਕ ਬਿਆਨ ਵਿਚ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ 2021 (ਮਾਰਚ 2022 ਤੱਕ) ’ਚ ਵਿਕਾਸ ਦਰ ਹੁਣ ਘੱਟ ਰਹਿਣ ਦੀ ਸੰਭਾਵਨਾ ਹੈ। ਮਈ ਵਿਚ ਕਰੋਨਾ ਦੇ ਕੇਸ ਵੱਡੀ ਗਿਣਤੀ ਵਿਚ ਸਾਹਮਣੇ ਆਏ ਸਨ ਤੇ ਇਸ ਨੇ ਅਰਥਵਿਵਸਥਾ ਨੂੰ ਵੱਡੀ ਸੱਟ ਮਾਰੀ ਹੈ। ਹਾਲਾਂਕਿ ਮਹਾਮਾਰੀ ਦੀ ਦੂਜੀ ਲਹਿਰ ਦਾ ਅਸਰ ਜਲਦੀ ਮੱਠਾ ਪੈ ਗਿਆ ਤੇ ਕਈ ਰਾਜਾਂ ਨੇ ਲੌਕਡਾਊਨ ਵਿਚ ਢਿੱਲ ਦੇ ਦਿੱਤੀ ਹੈ। ਇਸ ਦੇ ਨਾਲ ਹੀ ਆਰਥਿਕ ਗਤੀਵਿਧੀਆਂ ਲਗਭਗ ਪਹਿਲਾਂ ਵਾਂਗ ਹੀ ਸ਼ੁਰੂ ਹੋ ਗਈਆਂ ਹਨ। ਏਡੀਬੀ ਨੇ ਇਸ ਸਾਲ ਅਪਰੈਲ ਵਿਚ ਵਿਕਾਸ ਦਰ 11 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਜਤਾਈ ਸੀ। ਬੈਂਕ ਨੇ ਕਿਹਾ ਕਿਉਂਕਿ ਖ਼ਪਤ ਹੌਲੀ-ਹੌਲੀ ਵਧੇਗੀ, ਸਰਕਾਰ ਵੱਲੋਂ ਕੀਤਾ ਜਾਣ ਵਾਲਾ ਖ਼ਰਚ ਤੇ ਬਰਾਮਦ ਹੀ ਵਿੱਤੀ ਵਰ੍ਹੇ 2021 ਦੀ ਵਿਕਾਸ ਦਰ ਵਿਚ ਜ਼ਿਆਦਾ ਯੋਗਦਾਨ ਪਾਉਣਗੇ। ਏਡੀਬੀ ਨੇ ਕਿਹਾ ਕਿ ਦੱਖਣੀ ਏਸ਼ੀਆ ਵਿਚ ਆਰਥਿਕ ਵਿਕਾਸ ਦਰ ਦੇ ਸਮੀਕਰਨ ਵੱਖ-ਵੱਖ ਬਣ ਸਕਦੇ ਹਨ। ਬੈਂਕ ਮੁਤਾਬਕ ਚੀਨ ਦੀ ਵਿਕਾਸ ਦਰ ਮਜ਼ਬੂਤ ਰਹੇਗੀ। -ਪੀਟੀਆਈ