ਸੁਭਾਸ਼ ਚੰਦਰ
ਸਮਾਣਾ, 26 ਅਪਰੈਲ
ਸਰੈਂਪਤੀ ਮੁਹੱਲਾ ’ਚ ਲਾਏ ਗਏ ਨਵੇਂ ਟਿਊਬਵੈੱਲ ਤੋਂ ਕਈ ਮੁਹੱਲਿਆਂ, ਟੈਲੀਫੋਨ ਕਲੋਨੀ, ਘੁਮਿਆਰਾਂ ਮੁਹੱਲਾ, ਬੌਬੀ ਕਾਲੋਨੀ ਵਿਚ ਗੰਦੇ ਪਾਣੀ ਦੀ ਸਪਲਾਈ ਹੋਣ ਹੋਣ ਸਬੰਧੀ ਲੱਗੀ ਖ਼ਬਰ ਮਗਰੋਂ ਸਿਹਤ ਵਿਭਾਗ ਦੀ ਟੀਮ ਨੇ ਇਨ੍ਹਾਂ ਮੁਹੱਲਿਆਂ ਦਾ ਦੌਰਾ ਕੀਤਾ ਅਤੇ ਜਾਂਚ ਲਈ ਪਾਣੀ ਦੇ ਸੈਂਪਲ ਲੈ ਕੇ ਉੱਚ ਅਧਿਕਾਰੀਆਂ ਨੂੰ ਭੇਜੇ ਗਏ।
ਇਸ ਗੱਲ ਦੀ ਪੁਸ਼ਟੀ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਰਿਸ਼ਮਾ ਭੌਰਾ ਨੇ ਦੱਸਿਆ ਕਿ ਗੰਦਾ ਪਾਣੀ ਪੀਣ ਨਾਲ ਇੱਕ ਦੋ ਘਰਾਂ ਵਿੱਚ ਪੇਟ ਦੀਆਂ ਬਿਮਾਰੀਆਂ ਨਾਲ ਪੀੜਤ ਜੋ ਵਿਅਕਤੀ ਸਨ, ਉਨ੍ਹਾਂ ਨੂੰ ਓਆਰਐੱਸ ਦੀਆਂ ਪੁੜੀਆਂ ਵੰਡੀਆਂ ਗਈਆਂ ਹਨ। ਮੁਹੱਲੇ ਵਿੱਚ ਹੈਲਥ ਵਰਕਰ ਦੀ ਡਿਊਟੀ ਲਗਾ ਦਿੱਤੀ ਗਈ ਹੈ ਜੋ ਇਸ ’ਤੇ ਨਿਗਰਾਨੀ ਰੱਖੇਗੀ। ਪਾਣੀ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਆਉਣ ’ਤੇ ਸਿਹਤ ਵਿਭਾਗ ਵੱਲੋਂ ਆਪਣੀ ਪੈਰਵੀ ਕੀਤੀ ਜਾਵੇਗੀ। ਸੈਂਪਲ ਲੈਣ ਗਈ ਟੀਮ ਦੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਾਣੀ ਦੇ ਸੈਂਪਲ ਲੈ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੇ ਗਏ ਹਨ।