ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 23 ਜੂਨ
ਮਜ਼ਦੂਰਾਂ ਨੂੰ ਬਣਦੇ ਹੱਕ ਦੁਆਉਣ ਲਈ ਬਹੁਜਨ ਸਮਾਜ ਪਾਰਟੀ ਵੱਲੋਂ ਭਗਵੰਤ ਸਿੰਘ ਮਾਨ ਦੀ ਸਰਕਾਰ ਖਿਲਾਫ ਪੂਰੇ ਪੰਜਾਬ ਵਿੱਚ ਵਿੱਢੇ ਗਏ ਸੰਘਰਸ਼ ਤਹਿਤ 28 ਜੂਨ ਨੂੰ ਡੀ ਸੀ ਦਫਤਰ ਮੂਹਰੇ ਰੋਸ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਮੰਦਰ ਸਿੰਘ ਸਰਾਏਨਾਗਾ ਨੇ ਕਿਹਾ ਪੰਜਾਬ ਪੁਲੀਸ ਦੀ ਭਰਤੀ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਿਤ ਮੈਰਿਟ ਵਿੱਚ ਆਏ ਕਰੀਬ 150 ਬੱਚਿਆਂ ਨੂੰ ਭਰਤੀ ਪ੍ਰਕਿਰਿਆ ‘ਚੋਂ ਬਾਹਰ ਕੀਤਾ ਗਿਆ ਹੈ ਅਤੇ ਮਾਨ ਸਰਕਾਰ ਦੀ ਸ਼ਹਿ ‘ਤੇ ਹੀ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਗਰੀਬ ਮਜ਼ਦੂਰਾਂ ਦੀ ਦਿਹਾੜੀ ਦਾ ਰੇਟ ਤੈਅ ਕਰਨ ਦੇ ਮਤੇ ਪਾਏ ਗਏ ਹਨ| ਇਸ ਤਰ੍ਹਾਂ ਦੇ ਹੋਰ ਵੀ ਕਈ ਮਸਲਿਆਂ ਖਿਲਾਫ ਰੋਸ ਧਰਨਾ ਦਿੱਤਾ ਜਾਵੇਗਾ| ਧਰਨੇ ਦੌਰਾਨ ਇਨ੍ਹਾਂ ਮੰਗਾਂ ਨੂੰ ਵੀ ਮੁੱਖ ਰੱਖਿਆ ਜਾਵੇਗਾ ਕਿ ਪੰਜਾਬ ਦਾ ਚਾਹੇ ਖੇਤ ਮਜ਼ਦੂਰ, ਫੈਕਟਰੀ ਮਜ਼ਦੂਰ, ਉਸਾਰੀ ਮਜ਼ਦੂਰ, ਭੱਠਾ ਮਜ਼ਦੂਰ, ਸ਼ੈਲਰ ਮਜ਼ਦੂਰ, ਪੈਟਰੋਲ ਪੰਪਾਂ ’ਤੇ ਕੰਮ ਕਰਨ ਵਾਲੇ ਮਜ਼ਦੂਰਾਂ ਤੋਂ ਇਲਾਵਾ ਕਿਸੇ ਵੀ ਜਗ੍ਹਾ ‘ਤੇ ਕੰਮ ਕਰਨ ਵਾਲੇ ਮਜ਼ਦੂਰ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਨੂੰ ਸਹੀ ਮੁਆਵਜ਼ਾ ਦੇਣਾ ਯਕੀਨੀ ਬਣਾਇਆ ਜਾਵੇ।