ਸਤਵਿੰਦਰ ਬਸਰਾ
ਲੁਧਿਆਣਾ, 27 ਜੂਨ
ਕਰੀਬ ਇੱਕ ਮਹੀਨਾ ਪਹਿਲਾਂ ਗੈਂਗਸਟਰ ਨਿੱਕਾ ਜਟਾਣਾ ਵੱਲੋਂ ਕੇਂਦਰੀ ਜੇਲ੍ਹ ਵਿੱਚ ਹੁੱਕਾ ਪਾਰਟੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣ ਤੋਂ ਬਾਅਦ ਮੰਤਰੀ ਵੱਲੋਂ ਜਾਂਚ ਦੇ ਦਿੱਤੇ ਹੁਕਮਾਂ ਤੋਂ ਮਗਰੋਂ ਡਿਊਟੀ ਦੌਰਾਨ ਅਣਗਹਿਲੀ ਵਰਤਣ ਦੇ ਦੋਸ਼ ਹੇਠ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਮੁਲਾਜ਼ਮਾਂ ਵਿੱਚ ਸਹਾਇਕ ਜੇਲ੍ਹ ਸੁਪਰਡੈਂਟ ਅਬਦੁਲ ਹਮੀਦ, ਵਾਰਡਨ ਰੁਪਿੰਦਰ ਸਿੰਘ ਅਤੇ ਹੈੱਡ ਵਾਰਡਨ ਹਰਪਾਲ ਸਿੰਘ ਦੇ ਨਾਂ ਸ਼ਾਮਿਲ ਹਨ। ਇਸ ਗੱਲ ਦੀ ਪੁਸ਼ਟੀ ਕਰਦਿਆਂ ਜੇਲ੍ਹ ਸੁਪਰਡੈਂਟ ਬਲਕਾਰ ਸਿੰਘ ਭੁੱਲਰ ਨੇ ਕਿਹਾ ਕਿ ਉੱਚ ਜੇਲ੍ਹ ਅਧਿਕਾਰੀਆਂ ਵੱਲੋਂ ਆਏ ਹੁਕਮਾਂ ਨੂੰ ਤੁਰੰਤ ਅਮਲ ਵਿੱਚ ਲਿਆਉਂਦਿਆਂ ਤਿੰਨਾਂ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਸ੍ਰੀ ਭੁੱਲਰ ਨੇ ਦੱਸਿਆ ਕਿ ਗੈਂਗਸਟਰਾਂ ਵੱਲੋਂ ਜੇਲ੍ਹ ਦੀ ਬੈਰਕ ਵਿੱਚ ਹੁੱਕਾ ਪਾਰਟੀ ਕਰਨ, ਪੰਜਾਬੀ ਗਾਣਿਆਂ ਦੀਆਂ ਧੁਨਾਂ ’ਤੇ ਨੱਚਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਗਈ ਪਰ ਇਸ ਦੌਰਾਨ ਇਨ੍ਹਾਂ ਜੇਲ੍ਹ ਮੁਲਾਜ਼ਮਾਂ ਨੇ ਆਪਣੀ ਡਿਊਟੀ ਤੋਂ ਅਣਗਹਿਲੀ ਦਿਖਾਈ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਪਾਬੰਦੀਸ਼ੁਦਾ ਚੀਜ਼ਾਂ, ਜਿਨ੍ਹਾਂ ’ਚ ਹੁੱਕਾ, ਐਲਈਡੀ ਟੀਵੀ ਆਦਿ ਸ਼ਾਮਿਲ ਹਨ, ਜੇਲ੍ਹ ਵਿੱਚ ਕਿਵੇਂ ਆਏ। ਇਹ ਚੀਜ਼ਾਂ ਜਦੋਂ ਜੇਲ੍ਹ ਵਿੱਚ ਲਿਆਂਦੀਆਂ ਜਾ ਰਹੀਆਂ ਸਨ ਤਾਂ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨੇ ਰੋਕਿਆ ਨਾ।
ਇੱਥੇ ਦੱਸਣਯੋਗ ਹੈ ਕਿ ਜਦੋਂ ਬੀਤੀ 16 ਮਈ ਨੂੰ ਇਹ ਮਾਮਲਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਧਿਆਨ ਵਿੱਚ ਆਇਆ ਸੀ ਤਾਂ ਉਨ੍ਹਾਂ ਨੇ ਏਡੀਜੀਪੀ ਜੇਲ੍ਹ ਪ੍ਰਵੀਨ ਕੁਮਾਰ ਸਿਨ੍ਹਾ ਨੂੰ ਜਾਂਚ ਦੇ ਹੁਕਮ ਦਿੱਤੇ ਸਨ।
ਉਨ੍ਹਾਂ ਅੱਗੋਂ ਡੀਆਈਜੀ ਜੇਲ੍ਹ ਸੁਰਿੰਦਰ ਸੈਣੀ ਦੀ ਡਿਊਟੀ ਲਾਈ ਗਈ ਸੀ। ਡੀਆਈਜੀ ਨੇ ਮਾਮਲੇ ਦੀ ਜਾਂਚ ਕਰ ਕੇ ਵਾਪਸ ਰਿਪੋਰਟ ਏਡੀਜੀਪੀ ਨੂੰ ਸੌਂਪ ਦਿੱਤੀ ਸੀ।