ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਸਤੰਬਰ
ਅੱਪਰਬਾਰੀ ਦੁਆਬ ਨਹਿਰ ਯੂਬੀਡੀਸੀ ਦੇ ਟੁੱਟ ਚੁੱਕੇ ਨਹਿਰੀ ਪ੍ਰਬੰਧ ਦੀ ਮੁੜ ਉਸਾਰੀ ਤੇ ਇਸਦੀ ਸਮਰੱਥਾ ਵਧਾਉਣ ਦੀ ਮੰਗ ਅਤੇ ਪਠਾਨਕੋਟ ਤੇ ਸੁਜਾਨਪੁਰ ਵਿੱਚ ਸੀਵਰੇਜ ਦਾ ਪਾਣੀ ਨਹਿਰਾਂ ਵਿੱਚ ਛੱਡੇ ਜਾਣ ਖ਼ਿਲਾਫ਼ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਦਿਹਾਤੀ ਮਜ਼ਦੂਰ ਸਭਾ ਦੇ ਸਹਿਯੋਗ ਨਾਲ ਅੱਜ ਨਹਿਰੀ ਵਿਭਾਗ ਦੇ ਐੱਸਈ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।
ਧਰਨੇ ਵਿੱਚ ਅੰਮ੍ਰਿਤਸਰ, ਤਰਨ ਤਾਰਨ ,ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਤੋਂ ਕਿਸਾਨ, ਮਜ਼ਦੂਰ ਅਤੇ ਵਾਤਾਵਰਨ ਪ੍ਰੇਮੀ ਸ਼ਾਮਲ ਹੋਏ। ਉਨ੍ਹਾਂ ਨੇ ਹੱਥਾਂ ਵਿੱਚ ਝੰਡੇ ਤੇ ਤਖ਼ਤੀਆਂ ਫੜੀਆਂ ਹੋਈਆਂ ਸਨ। ਧਰਨੇ ਦੀ ਅਗਵਾਈ ਕਿਸਾਨ ਆਗੂ ਦਲਜੀਤ ਸਿੰਘ ਦਿਆਲਪੁਰਾ, ਬਲਵਿੰਦਰ ਸਿੰਘ ਰਵਾਲ, ਸ਼ੀਤਲ ਸਿੰਘ ਤਲਵੰਡੀ, ਰਘਬੀਰ ਸਿੰਘ ਧਲੌਰੀਆਂ ਅਤੇ ਮਜ਼ਦੂਰ ਆਗੂ ਸੁਰਜੀਤ ਸਿੰਘ ਦੁਧਰਾਏ ਨੇ ਕੀਤੀ।ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੂਬਾਈ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ ਅਤੇ ਸੂਬਾਈ ਆਗੂ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਮਾਝੇ ਵਿੱਚ ਸਿੰਚਾਈ ਲਈ ਲੱਖਾਂ ਟਿਊਬਵੈੱਲ ਚੱਲ ਰਹੇ ਹਨ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦਿਨੋ-ਦਿਨ ਹੇਠਾਂ ਜਾ ਰਿਹਾ ਹੈ। ਉਸ ਨੂੰ ਬਚਾਉਣ ਲਈ ਮਾਝੇ ਦੇ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣਾ ਅਤਿ ਜ਼ਰੂਰੀ ਹੈ ਤਾਂ ਜੋ ਧਰਤੀ ਮਾਰੂਥਲ ਹੋਣ ਤੋਂ ਬਚਾਈ ਜਾ ਸਕੇ। ਇਸ ਲਈ ਠੋਸ ਨਹਿਰੀ ਪ੍ਰਬੰਧ ਜੰਗੀ ਪੱਧਰ ਤੇ ਉਸਾਰਿਆ ਜਾਵੇ ਅਤੇ ਯੂ ਬੀ ਡੀ ਸੀ ਨਹਿਰ ਵਿਚੋਂ ਭੀਮਪੁਰ ਤੋਂ 4000 ਕਿਊਸਿਕ ਪਾਣੀ ਜੋ ਬਿਆਸ ਦਰਿਆ ਵਿੱਚ ਪਾਇਆ ਜਾ ਰਿਹਾ ਹੈ, ਨੂੰ ਫੌਰੀ ਬੰਦ ਕੀਤਾ ਜਾਵੇ।
ਬੁਲਾਰਿਆਂ ਕੀਤੀ ਕਿ ਯੂਬੀਡੀਸੀ ਨਹਿਰ ਦੀ ਸਮਰੱਥਾ 12000 ਕਿਊਸਿਕ ਕੀਤੀ ਜਾਵੇ ਅਤੇ ਨਹਿਰ ਵਿੱਚ ਪ੍ਰਦੂਸ਼ਿਤ ਪਾਣੀ ਪਾਉਣਾ ਤੁਰੰਤ ਬੰਦ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਨੇ ਮਤਾ ਪਾਸ ਕਰਕੇ ਮੰਗ ਕੀਤੀ ਕਿ ਲੰਪੀ ਸਕਿਨ ਬਿਮਾਰੀ ਦਾ ਜੰਗੀ ਪੱਧਰ ਤੇ ਇਲਾਜ ਕੀਤਾ ਜਾਵੇ, ਬੀਮਾਰੀ ਨਾਲ ਮਰੇ ਪਸ਼ੂਆਂ ਦਾ ਇੱਕ ਲੱਖ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ।